ਬਟਾਲਾ, 30 ਸਤੰਬਰ (ਹਿੰ. ਸ.)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਟਾਲਾ ਵੱਲੋ ਡਿਪਟੀ ਕਮਿਸ਼ਨਰ, ਗੁਰਦਾਸਪੁਰ ਦਲਵਿੰਦਰਜੀਤ ਸਿੰਘ ਅਤੇ ਐਸ.ਡੀ.ਐਮ ਬਟਾਲਾ ਵਿਕਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਦੀ ਅਗਵਾਈ ਹੇਠ ਬਲਾਕ ਬਟਾਲਾ ਅਧੀਨ ਆਉਦੇਂ ਪਿੰਡ ਤਲਵੰਡੀ ਲਾਲ ਸਿੰਘ ਅਤੇ ਰਿਖੀਆ ਵਿਖੇ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ।
ਇਸ ਮੌਕੇ ਡਾ. ਸੰਦੀਪ ਸਿੰਘ ਖੇਤੀਬਾੜੀ ਅਫਸਰ, ਬਟਾਲਾ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਪ੍ਰਦੂਸ਼ਣ ਵਿਚ ਵਾਧਾ ਹੁੰਦਾ ਹੈ, ਉਸਦੇ ਨਾਲ ਜ਼ਮੀਨ ਵਿਚਲੇ ਜਰੂਰੀ ਤੱਤ ਵੀ ਨਸ਼ਟ ਹੋ ਜਾਂਦੇ ਹਨ ਅਤੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ।
ਉਹਨਾਂ ਕਿਸਾਨਾ ਨੂੰ ਸਿਫਾਰਸ਼ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਜ਼ਮੀਨ ਵਿਚ ਵਾਹ ਕੇ ਜਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਪਰਾਲੀ ਦੀ ਸਾਂਭ ਸੰਭਾਲ ਲਈ ਸਬਸਿਡੀ 'ਤੇ ਦਿੱਤੀ ਗਈ ਮਸ਼ੀਨਰੀ ਬਾਰੇ ਦੱਸਿਆ ਅਤੇ ਵਿਸ਼ੇਸ਼ ਤੌਰ 'ਤੇ ਕਣਕ ਦੀ ਬਿਜਾਈ ਵਾਸਤੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੁਪਰ ਸੀਡਰ ਦੀ ਵਰਤੋ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਪਿੰਡ ਤਲਵੰਡੀ ਲਾਲ ਸਿੰਘ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਲੇਬਰ ਅਫਸਰ ਡਾ. ਕਮਲਜੀਤ ਸਿੰਘ ਵੱਲੋ ਦੱਸਿਆ ਗਿਆ ਕਿ ਪਰਾਲੀ ਦੀ ਅੱਗ ਲਗਣ ਨਾਲ ਰਾਹ ਜਾਂਦੇ ਰਾਹੀਆ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾਂ ਹੈ ਤੇ ਕਈ ਵਾਰ ਖੇਤਾਂ ਵਿਚ ਲਗਾਈ ਅੱਗ ਕਾਰਨ ਹਾਦਸੇ ਵੀ ਹੋ ਜਾਂਦੇ ਹਨ ਤੇ ਇਸ ਲਈ ਸਾਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀ ਲਗਾਉਣੀ ਚਾਹੀਦੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ