ਫਾਜ਼ਿਲਕਾ 30 ਸਤੰਬਰ (ਹਿੰ. ਸ.)। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਰੋਹਿਤ ਗੋਇਲ ਸਿਵਲ ਸਰਜਨ ਦੇ ਹੁਕਮਾਂ ਅਨੁਸਾਰ ਡਾਕਟਰ ਸੁਰੇਸ਼ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਦੀ ਦੇਖਰੇਖ ਵਿੱਚ ਵਿਸ਼ਵ ਰੇਬੀਜ਼ ਦਿਵਸ ਸਬੰਧੀ ਜਾਗਰੂਕਤਾ ਸਮਾਗਮ 'ਹੁਣੇ ਕਾਰਵਾਈ ਕਰੋ: ਤੁਸੀਂ, ਮੈਂ ਭਾਈਚਾਰਾ' ਥੀਮ ਹੇਠ ਸਿਵਲ ਹਸਪਤਾਲ ਅਬੋਹਰ ਵਿਖੇ ਕੀਤਾ ਗਿਆ। ਇਸ ਸਮੇਂ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ, ਮਨਬੀਰ ਸਿੰਘ, ਦਿਵੇਸ਼ ਕੁਮਾਰ ਹਾਜ਼ਰ ਸਨ।
ਇਸ ਦੌਰਾਨ ਡਾ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਹਲਕਾਅ (ਰੇਬੀਜ਼) ਹਲਕੇ ਕੁੱਤੇ, ਖ਼ਰਗੋਸ਼, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਾਰਾਂ ਦੇ ਕੱਟਣ ਨਾਲ ਮਨੁੱਖ ਨੂੰ ਹੋ ਸਕਦੀ ਹੈ। ਉਹਨਾਂ ਕਿਹਾ ਕਿ ਜਾਨਵਰਾਂ ਦੇ ਵੱਢੇ / ਕੱਟੇ / ਝਰੀਟਾਂ / ਜਖਮਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਜਖਮਾਂ ਤੇ ਮਿਰਚਾਂ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ, ਜਖ਼ਮ ਨੂੰ ਟਾਂਕੇ ਨਾ ਲਗਾਓ ਅਤੇ ਨਾ ਹੀ ਪੱਟੀ ਬੰਨੋ। ਘਰ ਵਿੱਚ ਜਾਂ ਨੀਮ ਹਕੀਮ ਤੋਂ ਇਸ ਦਾ ਇਲਾਜ ਨਾ ਕਰਵਾਓ, ਬਲਕਿ ਮਾਹਿਰ ਡਾਕਟਰ ਤੋਂ ਇਲਾਜ ਕਰਵਾਉ। ਆਪਣੇ ਬੱਚਿਆਂ ਨੂੰ ਆਵਾਰਾ ਕੁੱਤਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੋ ਅਤੇ ਅੰਧ ਵਿਸ਼ਵਾਸ਼ਾਂ ਤੋਂ ਬਚੋ। ਕੁੱਤੇ ਤੁਹਾਡੇ ਦੋਸਤ ਹੋ ਸਕਦੇ ਹਨ ਪਰ ਜਦੋਂ ਇਨ੍ਹਾਂ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਤੁਹਾਨੂੰ ਕੱਟ ਵੀ ਸਕਦੇ ਹਨ। ਇਸ ਲਈ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ।
ਜੇਕਰ ਕੁੱਤਾ ਕੱਟ ਜਾਂਦਾ ਹੈ ਤਾਂ ਜਖ਼ਮ ਨੂੰ ਤੁਰੰਤ ਚਲਦੇ ਪਾਣੀ ਅਤੇ ਸਾਬਣ ਨਾਲ ਧੋਵੋ, ਮੌਕੇ ਤੇ ਉਪਲਬਧ ਡਿਸਇਨਫੈਕਟੈਂਟ ਲਗਾਓ ਅਤੇ ਜਲਦ ਤੋਂ ਜਲਦ ਮੁੱਢਲੀ ਸਹਾਇਤਾ ਲਈ ਮਾਹਿਰ ਡਾਕਟਰ ਕੋਲ ਸਿਹਤ ਕੇਂਦਰ ਜਾਓ ਅਤੇ ਹਲਕਾਅ ਤੋਂ ਬਚਾਅ ਲਈ ਸੀਰਮ ਅਤੇ ਐਂਟੀ ਰੇਬੀਜ਼ ਦੇ ਟੀਕੇ ਜਰੂਰ ਲਗਵਾਓ।
ਇਸ ਸਮੇਂ ਮਨਬੀਰ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਆਪਣੇ ਕੁੱਤਿਆਂ ਅਤੇ ਬਿੱਲੀਆਂ ਨੂੰ 3 ਮਹੀਨਿਆਂ ਦੀ ਉਮਰ 'ਤੇ ਹਲਕਾਅ ਦਾ ਟੀਕਾ ਸ਼ੁਰੂ ਕਰਕੇ ਹਰ ਸਾਲ ਹਲਕਾਅ ਵਿਰੁੱਧ ਟੀਕਾਕਰਣ ਜਰੂਰ ਕਰਵਾਓ ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ