
ਚੰਡੀਗੜ੍ਹ, 10 ਜਨਵਰੀ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿਚ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਮਾਰਲੇਨਾ ਵੱਲੋਂ ਵਿਧਾਨ ਸਭਾ ਵਿਚ ਸਿੱਖ ਗੁਰੂ ਸਾਹਿਬਾਨ ਦੇ ਖਿਲਾਫ ਟਿੱਪਣੀਆਂ ਲਈ ਉਹਨਾਂ ਦੇ ਖਿਲਾਫ ਕੇਸ ਦਰਜ ਕਰਨ ਅਤੇ ਉਹਨਾਂ ਦੀ ਦਿੱਲੀ ਵਿਧਾਨ ਸਭਾ ਦੀ ਮੈਂਬਰਸ਼ਿਪ ਖਾਰਜ ਕਰਨ ਦੀ ਮੰਗ ਨੂੰ ਲੈ ਕੇ ਸਾਰੇ ਪੰਜਾਬ ਵਿਚ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਧਰਨੇ ਦਿੱਤੇ।
ਇਹਨਾਂ ਰੋਸ ਧਰਨਿਆਂ ਦੌਰਾਨ ਸੂਬੇ ਭਰ ਵਿਚ ਉਹਨਾਂ ਨੂੰ ਭਰਵਾਂ ਲੋਕ ਹੁੰਗਾਰਾ ਮਿਲਿਆ। ਇਸ ਮੌਕੇ ਆਤਿਸ਼ੀ ਮਾਰਲੇਨਾ ਦੇ ਪੁਤਲੇ ਸਾੜਨ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀਕਿ ਸਾਬਕਾ ਮੁੱਖ ਮੰਤਰੀ ਅਤੇ ਇਸ ਸਾਜ਼ਿਸ਼ ਪਿੱਛੇ ਸਾਜ਼ਿਸ਼ ਘਾੜਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਅਕਾਲੀ ਦਲ ਦੇ ਵਫਦਾਂ ਨੇ ਸਾਰੇ ਜ਼ਿਲ੍ਹਿਆਂ ਵਿਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਵੀ ਸੌਂਪੇ ਜਿਸ ਵਿਚ ਉਹਨਾਂ ਨੇ ਅਪੀਲ ਕੀਤੀ ਕਿ ਪੰਜਾਬ ਦੇ ਰਾਜਪਾਲ ਅਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਤੁਰੰਤ ਆਤਿਸ਼ੀ ਮਾਰਲੇਨਾ ਦੇ ਖਿਲਾਫ ਕਾਰਵਾਈ ਕਰਨ।
ਮੰਗ ਪੱਤਰਾਂ ਵਿਚ ਸਪਸ਼ਟ ਕੀਤਾ ਗਿਆ ਕਿ ਆਤਿਸ਼ੀ ਨੇ ਜਾਣ ਬੁੱਝ ਕੇ ਦਿੱਲੀ ਵਿਧਾਨ ਸਭਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਧਰਮ ਦੀ ਰਾਖੀ ਖ਼ਾਤਰ ਦਿੱਤੀ ਸ਼ਹਾਦਤ ’ਤੇ ਚਰਚਾ ਦੌਰਾਨ ਗੁਰੂ ਸਾਹਿਬਾਨ ਖਿਲਾਫ ਟਿੱਪਣੀਆਂ ਕੀਤੀਆਂ। ਮੰਗ ਪੱਤਰਾਂ ਵਿਚ ਕਿਹਾ ਗਿਆ ਕਿ ਇਹ ਟਿੱਪਣੀਆਂ ਦਿੱਲੀ ਵਿਧਾਨ ਸਭਾ ਦੇ ਰਿਕਾਰਡ ਦਾ ਹਿੱਸਾ ਹਨ ਅਤੇ ਇਹ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਲਈ ਉਹਨਾਂ ਖਿਲਾਫ ਕੇਸ ਦਰਜ ਕਰਨ ਤੇ ਉਹਨਾਂ ਦੀ ਗ੍ਰਿਫਤਾਰੀ ਦਾ ਢੁਕਵਾਂ ਮਾਮਲਾ ਬਣਦਾ ਹੈ।
ਮੰਗ ਪੱਤਰ ਵਿਚ ਕਿਹਾ ਗਿਆ ਕਿ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਖਿਲਾਫ ਕੀਤੀਆਂ ਅਪਮਾਨਜਨਕ ਟਿੱਪਣੀਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੈ ਜਿਸ ਕਾਰਨ ਸਿੱਖ ਭਾਈਚਾਰੇ ਦੇ ਮੈਂਬਰਾਂ ਵਿਚ ਵੱਡਾ ਰੋਸ ਹੈ।
ਮੰਗ ਪੱਤਰ ਵਿਚ ਕਿਹਾ ਗਿਆ ਕਿ ਹਾਲ ਹੀ ਵਿਚ ਸਿੱਖ ਗੁਰੂ ਸਾਹਿਬਾਨ, ਸਿੱਖ ਆਗੂਆਂ ਤੇ ਸਿੱਖ ਸੰਸਥਾਵਾਂ ਖਿਲਾਫ ਵੀ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਗਈਆਂ ਜਿਹਨਾਂ ਦਾ ਮਕਸਦ ਸਮਾਜ ਵਿਚ ਤਣਾਅ ਪੈਦਾ ਕਰਨਾ ਹੈ ਅਤੇ ਇਸ ਨਾਲ ਸੂਬੇ ਦਾ ਮਾਹੌਲ ਖਰਾਬ ਹੋ ਸਕਦਾ ਹੈ। ਉਹਨਾਂ ਕਿਹਾ ਕਿ ਇਹ ਵੀ ਸੱਚਾਈ ਹੈ ਕਿ ਇਹਨਾਂ ਵੀਡੀਓਜ਼ ਦਾ ਮਕਸਦ ਸਿੱਖ ਸੰਸਕਾਵਾਂ ਨੂੰ ਬਦਨਾਮ ਕਰਨਾ ਹੈ ਤੇ ਇਸ ਤੋਂ ਸਿੱਖ ਸੰਗਤ ਚੌਕਸ ਹੈ। ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਸੋਸ਼ਲ ਮੀਡੀਆ ਤੋਂ ਅਜਿਹੇ ਸਾਰੇ ਵੀਡੀਓ ਕਲਿੱਪ ਹਟਾਏ ਜਾਣ ਅਤੇ ਇਹਨਾਂ ਨੂੰ ਪੋਸਟ ਕਰਨ ਵਾਲਿਆਂ ਦੇ ਖਿਲਾਫ ਸਾਈਬਰ ਅਪਰਾਧ ਕਾਨੂੰਨਾਂ ਤਹਿਤ ਬਣਦੇ ਕੇਸ ਦਰਜ ਕੀਤੇ ਜਾਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ