
ਚੰਡੀਗੜ੍ਹ, 10 ਜਨਵਰੀ (ਹਿੰ. ਸ.)। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਾਬਕਾ ਦਿੱਲੀ ਮੁੱਖ ਮੰਤਰੀ ਆਤਿਸ਼ੀ ਵੱਲੋਂ ਆਪਣੀ ਵੀਡੀਓ ਬਾਰੇ ਦਿੱਤੀ ਗਈ ਸਪਸ਼ਟੀਕਰਨ ਆਪਣੇ ਆਪ ਵਿੱਚ ਹੀ ਦੋਸ਼ ਕਬੂਲ ਕਰਨ ਵਰਗੀ ਲੱਗਦੀ ਹੈ, ਪਰ ਇਸ ਦੇ ਬਾਵਜੂਦ ਪੰਜਾਬ ਪੁਲਿਸ ਨੇ ਇਕ ਦਿਨ ਦੇ ਅੰਦਰ ਉਸ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾ ਕੇ ਉਸਨੂੰ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਸਵਾਲ ਕੀਤਾ ਕਿ ਉਹੀ ਪੰਜਾਬ ਪੁਲਿਸ ਮੁੱਖ ਮੰਤਰੀ ਨਾਲ ਸੰਬੰਧਿਤ ਵੀਡੀਓ ਦੀ ਇਕ ਦਿਨ ਵਿੱਚ ਫੋਰੈਂਸਿਕ ਜਾਂਚ ਕਰ ਕੇ ਉਨ੍ਹਾਂ ਨੂੰ ਵੀ ਕਲੀਨ ਚਿੱਟ ਕਿਉਂ ਨਹੀਂ ਦੇ ਸਕੀ।
ਉਨ੍ਹਾਂ ਕਿਹਾ ਕਿ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਪੁਲਿਸ ਵੱਲੋਂ ਜਾਂਚ ਕਰਵਾਈ ਜਾ ਰਹੀ ਹੈ ਅਤੇ ਨਾ ਹੀ ਮੁੱਖ ਮੰਤਰੀ ਖੁਦ ਇਸ ਦੀ ਜਾਂਚ ਦੇ ਹੁਕਮ ਦੇਣ ਦੀ ਹਿੰਮਤ ਦਿਖਾ ਰਹੇ ਹਨ, ਜੋ ਆਪਣੇ ਆਪ ਵਿੱਚ ਹੀ ਇਸ ਮਾਮਲੇ ਵਿੱਚ ਕੁਝ ਗੜਬੜ ਹੋਣ ਦਾ ਸੰਕੇਤ ਦਿੰਦਾ ਹੈ।
ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਜਾਂ ਤਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਜਾਂ ਆਪਣੇ ਨਾਲ ਜੁੜੀ ਕਥਿਤ ਧਾਰਮਿਕ ਬੇਅਦਬੀ ਵਾਲੀ ਵੀਡੀਓ ਦੀ ਤੁਰੰਤ ਜਾਂਚ ਕਰਵਾਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬੇਦੋਸ਼ ਸਾਬਤ ਕਰਨ। ਉਨ੍ਹਾਂ ਕਿਹਾ ਕਿ ਜੇ ਆਤਿਸ਼ੀ ਨਾਲ ਸੰਬੰਧਿਤ ਵੀਡੀਓ ਦੀ ਇਕ ਦਿਨ ਵਿੱਚ ਜਾਂਚ ਹੋ ਸਕਦੀ ਹੈ, ਤਾਂ ਮੁੱਖ ਮੰਤਰੀ ਨਾਲ ਸੰਬੰਧਿਤ ਵੀਡੀਓ ਦੀ ਵੀ ਇਕ ਦਿਨ ਵਿੱਚ ਜਾਂਚ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਆਪਣੇ ਨਾਲ ਸੰਬੰਧਿਤ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਹਿੰਮਤ ਨਹੀਂ ਰੱਖਦੇ, ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ।
ਜਲੰਧਰ ਪੁਲਿਸ ਵੱਲੋਂ ਆਤਿਸ਼ੀ ਦੇ ਬਿਆਨ ਵਾਲੀ ਵੀਡੀਓ ਦੀ ਇਕ ਦਿਨ ਵਿੱਚ ਫੋਰੈਂਸਿਕ ਜਾਂਚ ਕਰਨ ਦੀ ਤੇਜ਼ੀ ਬਾਰੇ ਗੱਲ ਕਰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਸਿਰਫ਼ ਇਕ ਵੀਡੀਓ ਹੀ ਨਹੀਂ, ਸਗੋਂ ਦੋ ਹੋਰ ਆਡੀਓ-ਵੀਡੀਓ ਕਲਿੱਪ ਵੀ ਕਾਫ਼ੀ ਸਮੇਂ ਤੋਂ ਸਮਾਜ ਵਿੱਚ ਘੁੰਮ ਰਹੀਆਂ ਹਨ, ਜਿਨ੍ਹਾਂ ਦੀ ਜਾਂਚ ਕਰਵਾਉਣ ਤੋਂ ਸਰਕਾਰ ਗੁਰੇਜ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਆਤਿਸ਼ੀ ਨੇ ਆਪਣੇ ਸਪਸ਼ਟੀਕਰਨ ਵਿੱਚ ਵੀ ਇਹ ਗੱਲ ਮੰਨੀ ਹੈ ਕਿ ਉਸਨੇ “ਕੁੱਤੇ” ਸ਼ਬਦ ਵਰਤਿਆ। ਉਨ੍ਹਾਂ ਸਵਾਲ ਕੀਤਾ ਕਿ ਇਹ ਸ਼ਬਦ ਕਿਸ ਸੰਦਰਭ ਵਿੱਚ ਵਰਤਿਆ ਗਿਆ, ਕਿਉਂਕਿ ਇਹ ਬਹੁਤ ਮਹੱਤਵਪੂਰਨ ਹੈ। ਵਿਧਾਨ ਸਭਾ ਦੀ ਚੱਲ ਰਹੀ ਕਾਰਵਾਈ ਦੌਰਾਨ ਜਿਸ ਦੀ ਇੱਜ਼ਤ ਦੀ ਗੱਲ ਹੋ ਰਹੀ ਸੀ, ਉਸ ਸੰਦਰਭ ਵਿੱਚ ਆਤਿਸ਼ੀ ਦੇ ਬਿਆਨ ਨੂੰ ਸਮਝਿਆ ਜਾ ਸਕਦਾ ਹੈ ਅਤੇ ਪਾਰਟੀ ਦੇ ਨੇਤਾਵਾਂ ਦੀ ਘਟੀਆ ਸੋਚ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਇੱਜ਼ਤ ਵਿੱਚ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾ ਰਹੇ ਹਨ ਅਤੇ ਦੂਜੇ ਪਾਸੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਵਿਧਾਨ ਸਭਾ ਵਿੱਚ ਇਸ ਤਰ੍ਹਾਂ ਦੀ ਨਿੰਦਨਯੋਗ ਭਾਸ਼ਾ ਵਰਤ ਰਹੀ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਜਿੱਥੇ ਇਕ ਪਾਸੇ ਆਤਿਸ਼ੀ ਦੀ ਵੀਡੀਓ ਨੂੰ ਇਕ ਦਿਨ ਵਿੱਚ ਫੋਰੈਂਸਿਕ ਜਾਂਚ ਤੋਂ ਬਾਅਦ ਕਲੀਨ ਚਿੱਟ ਮਿਲ ਜਾਂਦੀ ਹੈ, ਉੱਥੇ ਦੂਜੇ ਪਾਸੇ ਪਟਿਆਲਾ ਦੇ ਐਸਐਸਪੀ ਨਾਲ ਸੰਬੰਧਿਤ ਉਹ ਆਡੀਓ, ਜਿਸ ਵਿੱਚ ਕਥਿਤ ਤੌਰ ’ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਹੇਰਾਫੇਰੀ ਦੀ ਯੋਜਨਾ ਬਣਾਈ ਜਾ ਰਹੀ ਹੈ, ਅਤੇ ਮੁੱਖ ਮੰਤਰੀ ਨਾਲ ਸੰਬੰਧਿਤ ਕਥਿਤ ਧਾਰਮਿਕ ਬੇਅਦਬੀ ਵਾਲੀ ਵੀਡੀਓ ਸਮਾਜ ਵਿੱਚ ਘੁੰਮ ਰਹੀ ਹੈ। ਉਨ੍ਹਾਂ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਦੋਵਾਂ ਆਡੀਓ ਅਤੇ ਵੀਡੀਓ ਕਲਿੱਪਾਂ ਦੀ ਤੁਰੰਤ ਫੋਰੈਂਸਿਕ ਲੈਬ ਤੋਂ ਜਾਂਚ ਕਰਵਾਕੇ ਸੱਚ ਸਾਹਮਣੇ ਲਿਆਂਦਾ ਜਾਵੇ।
ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਸਰਕਾਰ ਵੱਲੋਂ ਪਟਿਆਲਾ ਐਸਐਸਪੀ ਦੀ ਆਡੀਓ ਦੀ ਜਾਂਚ ਬਾਰੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ, ਜਦਕਿ ਮੁੱਖ ਮੰਤਰੀ ਨੂੰ ਆਪਣੇ ਨਾਲ ਸੰਬੰਧਿਤ ਵੀਡੀਓ ਦੀ ਜਾਂਚ ਕਰਵਾ ਕੇ ਆਪਣੇ ਆਪ ਨੂੰ ਬੇਦੋਸ਼ ਸਾਬਤ ਕਰਨ ਦਾ ਮੌਕਾ ਹੱਥੋਂ ਨਹੀਂ ਗਵਾਉਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਹੁਣ ਤੱਕ ਇਨ੍ਹਾਂ ਦੋਵਾਂ ਆਡੀਓ-ਵੀਡੀਓ ਕਲਿੱਪਾਂ ਦੀ ਫੋਰੈਂਸਿਕ ਜਾਂਚ ਨਾ ਕਰਵਾਉਣਾ ਆਪਣੇ ਆਪ ਵਿੱਚ ਇਹ ਸਾਬਤ ਕਰਦਾ ਹੈ ਕਿ ਇਹ ਸੱਚ ਹੋ ਸਕਦੀਆਂ ਹਨ।
ਉਨ੍ਹਾਂ ਵਧੇਰੇ ਕਿਹਾ ਕਿ ਮੁੱਖ ਮੰਤਰੀ ਜਿਹੇ ਉੱਚ ਅਹੁਦੇ ’ਤੇ ਬੈਠੇ ਵਿਅਕਤੀ ਬਾਰੇ ਇਸ ਤਰ੍ਹਾਂ ਦੀਆਂ ਵੀਡੀਓਆਂ ਦਾ ਘੁੰਮਣਾ ਅਤੇ ਉਨ੍ਹਾਂ ਵੱਲੋਂ ਸੱਚਾਈ ਸਾਫ਼ ਕਰਨ ਲਈ ਜਾਂਚ ਨਾ ਕਰਵਾਉਣਾ ਬਿਲਕੁਲ ਵੀ ਸ਼ੋਭਾ ਨਹੀਂ ਦਿੰਦਾ।
ਇਸ ਦੇ ਨਾਲ ਹੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਸੂਬੇ ਵਿੱਚ ਲਗਾਤਾਰ ਬਿਗੜ ਰਹੀ ਕਾਨੂੰਨ-ਵਿਵਸਥਾ, ਪੰਜਾਬ ਦਾ ਨਸ਼ਿਆਂ ਦਾ ਕੇਂਦਰ ਬਣਦਾ ਜਾ ਰਿਹਾ ਹੋਣਾ ਅਤੇ ਵਧ ਰਹੇ ਭ੍ਰਿਸ਼ਟਾਚਾਰ ਬਾਰੇ ਸਰਕਾਰ ਤੋਂ ਜਵਾਬ ਲੈਣ ਲਈ ਭਾਰਤੀ ਜਨਤਾ ਪਾਰਟੀ 16 ਜਨਵਰੀ ਨੂੰ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕਰੇਗੀ।
ਸੂਬੇ ਦੀ ਵਿਗੜ ਰਹੀ ਕਾਨੂੰਨ-ਵਿਵਸਥਾ ’ਤੇ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੋਰਚੇ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਸੂਬੇ ਵਿੱਚ ਲਗਭਗ ਕੋਈ ਸਰਕਾਰ ਬਚੀ ਹੀ ਨਹੀਂ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ