
ਪਟਿਆਲਾ 10 ਜਨਵਰੀ (ਹਿੰ. ਸ.)। ਮਹਿਲਾਵਾਂ ਦੇ ਸਸ਼ਕਤੀਕਰਨ ਨੂੰ ਹੋਰ ਮਜਬੂਤੀ ਦੇਣ ਲਈ ਵਚਨਬੱਧ ਇਕਬਾਲ ਇਨ ਲੇਡੀਜ ਕਲੱਬ ਵੱਲੋਂ ਲੋੜੀ ਦਾ ਤਿਓਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਕਮਲਪ੍ਰੀਤ ਸਿੰਘ ਸੇਠੀ ਪ੍ਰਬੰਧਕੀ ਨਿਰਦੇਸ਼ਕ ਹੋਟਲ ਇਕਬਾਲ ਇਨ ਦੀ ਦੇਖਰੇਖ ਹੇਠ ਮਨਾਏ ਗਏ ਇਸ ਪਵਿੱਤਰ ਤਿਉਹਾਰ ਮੌਕੇ ਇੱਕਬਾਲ ਇਨ ਲੇਡੀਜ ਕਲੱਬ ਦੀਆਂ ਲਗਭਗ 150 ਮੈਂਬਰ ਮਹਿਲਾਵਾਂ ਵੱਲੋਂ ਇਸ ਖਾਸ ਪ੍ਰੋਗਰਾਮ ਵਿੱਚ ਭਾਗ ਲਿਆ ਗਿਆ।
ਇਸ ਮੌਕੇ ਸੇਠੀ ਨੇ ਦੱਸਿਆ ਕਿ ਇਕਬਾਲ ਇਨ ਲੇਡੀਜ ਕਲੱਬ ਵੱਲੋਂ ਮਹਿਲਾਵਾਂ ਦੇ ਸਨਮਾਨ ਅਤੇ ਉਹਨਾਂ ਦੀ ਸਮਾਜਿਕ ਉਨਤੀ ਨੂੰ ਹੋਰ ਵਧਾਵਾ ਦੇਣ ਦੇ ਮੰਤਵ ਨਾਲ ਕਲੱਬ ਵੱਲੋਂ ਹਰੇਕ ਤਿਉਹਾਰ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਖਾਸ ਗੱਲ ਇਹ ਰਹੀ ਕਿ ਇਸ ਪ੍ਰੋਗਰਾਮ ਦਾ ਸਿਰਲੇਖ 'ਆਓ ਕੁੜੀਓ, ਗਿੱਧਾ ਪਾਓ ਕੁੜੀਓ' ਰੱਖਿਆ ਗਿਆ, ਜਿਸ ਅਧੀਨ ਮਹਿਲਾ ਪ੍ਰਤੀਭਾਗਣਾ ਵੱਲੋਂ ਲੋਹੜੀ ਦੇ ਸ਼ੁਭ ਤਿਉਹਾਰ ਮੌਕੇ ਪਤੰਗ ਵੀ ਉਡਾਏ ਗਏ। ਇਕਬਾਲ ਇਨ ਹੋਟਲ ਦੇ ਵਿਹੜੇ ਵਿਖੇ ਮਨਾਏ ਇਸ ਤਿਉਹਾਰ ਮੌਕੇ ਵੱਖ-ਵੱਖ ਰੰਗਾਂ ਦੇ ਪਤੰਗਾਂ ਨਾਲ ਸਜਾਵਟੀ ਦਿੱਖ਼ ਹੋਰ ਵੀ ਸੁੰਦਰ ਦਿਖਣ ਲੱਗ ਪਈ। ਲੋਹੜੀ ਦੇ ਖਾਸ ਉਪਲਕਸ਼ ਤੇ ਆਯੋਜਿਤ ਇਸ ਪ੍ਰੋਗਰਾਮ ਵਿੱਚ ਮਹਿਲਾ ਮੈਂਬਰਾਂ ਦੇ ਆਪਸ ਵਿੱਚ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਦੇ ਅੰਤਰਗਤ ਜੇਤੂ ਪ੍ਰਤਿਭਾਗੀਆਂ ਨੂੰ ਲੋਹੜੀ ਕੁਈਨਜ਼ ਦੇ ਖਿਤਾਬ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਦਸ ਇਨਾਮ ਵੱਖ-ਵੱਖ ਵੰਨਗੀਆਂ ਵਿੱਚ ਲੋਹਾ ਮਨਵਾਉਣ ਵਾਲੇ ਪ੍ਰਤਿਭਾਗੀਆਂ ਨੂੰ ਵੀ ਦਿੱਤੇ ਗਏ।
ਢੋਲੀ ਵੱਲੋਂ ਢੋਲ ਵਜਾ ਕੇ ਪ੍ਰੋਗਰਾਮ ਨੂੰ ਸੱਭਿਆਚਾਰਕ ਰੰਗਤ ਦਿੰਦੇ ਹੋਏ ਮਹਿਲਾ ਪ੍ਰਤਿਭਾਗੀਆਂ ਵੱਲੋਂ 'ਸੁੰਦਰ ਮੁੰਦਰੀਏ' ਵਰਗੀਆਂ ਬੋਲੀਆਂ, ਜੋ ਕਿ ਖਾਸ ਤੌਰ ਤੇ ਲੋਹੜੀ ਦੇ ਤਿਉਹਾਰ ਮੌਕੇ ਗਾਈਆਂ ਜਾਂਦੀਆਂ ਹਨ, ਵੀ ਉਚੇਚੇ ਤੌਰ ਤੇ ਗਾਈਆਂ ਗਈਆਂ। ਇਸ ਤੋਂ ਇਲਾਵਾ ਮਹਿਲਾਵਾਂ ਵੱਲੋਂ ਪਾਇਆ ਗਿਆ ਰਵਾਇਤੀ ਗਿੱਧਾ ਪ੍ਰੋਗਰਾਮ ਨੂੰ ਸਿਖਰਾਂ ਉੱਤੇ ਲੈ ਗਿਆ, ਜਦੋਂ ਕਿ ਇਹਨਾਂ ਮੁਕਾਬਲਿਆਂ ਦੌਰਾਨ ਸੱਭਿਆਚਾਰਕ ਬੋਲੀਆਂ ਨੇ ਪੂਰੇ ਪ੍ਰੋਗਰਾਮ ਦਾ ਰੰਗ ਬੰਨਣ ਵਿੱਚ ਕੋਈ ਕਸਰ ਨਾ ਛੱਡੀ।
ਇਹਨਾਂ ਸਾਰੇ ਮੁਕਾਬਲਿਆਂ ਤੋਂ ਪਿੱਛੋਂ ਕਲੱਬ ਵੱਲੋਂ ਸਾਰੇ ਪ੍ਰਤਿਭਾਗੀਆ ਲਈ ਉਚੇਚੇ ਤੌਰ ਤੇ ਵਿਸ਼ੇਸ਼ ਭੋਜਨ ਦਾ ਵੀ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਸਭ ਤੋਂ ਜਿਆਦਾ ਪੁਰਾਣਿਆਂ ਸਮਿਆਂ ਦੌਰਾਨ ਪੰਜਾਬ ਦੇ ਪਿੰਡਾਂ ਵਿੱਚ ਬਣਾਈ ਜਾਂਦੀ ਗੰਨੇ ਦੇ ਰਸ ਦੀ ਖੀਰ ਸੀ ਜੋ ਕਿ ਲੋਹੜੀ (ਮਾਘੀ) ਦੇ ਦਿਨਾਂ ਵਿੱਚ ਬਣਾਇਆ ਜਾਣ ਵਾਲਾ ਮਸ਼ਹੂਰ ਪਕਵਾਨ ਹੈ। ਮਹਿਲਾ ਪ੍ਰਤੀਭਾਗੀਆਂ ਨੂੰ ਉਤਸਾਹਿਤ ਕਰਨ ਲਈ ਖਾਸ ਤੌਰ ਤੇ ਇਸ ਮੌਕੇ ਡਿੰਪੀ ਸੇਠੀ, ਸੁਨੀਤਾ ਸੋਫਤ ਅਤੇ ਮਿਸ ਸੀਬਾ ਸੇਠੀ ਮੌਜੂਦ ਸਨ। ਡਿੰਪੀ ਸੇਠੀ ਨੇ ਦੱਸਿਆ ਕਿ ਇਕਬਾਲ ਇਨ ਲੇਡੀਜ ਕਲੱਬ ਦਿਨ ਪ੍ਰਤੀ ਦਿਨ ਤਰੱਕੀ ਕਰ ਰਿਹਾ ਹੈ, ਜਦੋਂ ਕਿ ਮਹਿਲਾਵਾਂ ਦੇ ਸੰਪੂਰਨ ਸਸ਼ਕਤੀਕਰਨ ਨੂੰ ਲੈ ਕੇ ਤੁਰਿਆ ਇਹ ਕਲੱਬ ਪੰਜਾਬ ਦੇ ਸਿਖਰਲੇ ਮਹਿਲਾ ਕਲੱਬਾਂ ਵਿੱਚ ਆਪਣੀ ਛਾਪ ਛੱਡਣ ਵਿੱਚ ਸਫਲ ਹੋ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ