
ਤਰਨਤਾਰਨ 10 ਜਨਵਰੀ (ਹਿੰ. ਸ.)। ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵੱਲੋਂ ਪਿੰਡ ਕੱਲ੍ਹਾ ਬਲਾਕ ਖਡੂਰ ਸਾਹਿਬ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਪੌਦਾ ਰੋਗ ਵਿਭਾਗ ਦੇ ਸਹਿਯੋਗ ਨਾਲ ‘ਮਟਰਾਂ ਅਤੇ ਆਲੂਆਂ ਦੀਆਂ ਬਿਮਾਰੀਆਂ ਬਾਰੇ ਵਿਚਾਰ ਗੌਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਗੌਸ਼ਟੀ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਮਟਰਾਂ ਅਤੇ ਆਲੂਆਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਪ੍ਰਬੰਧਨ ਬਾਰੇ ਜਾਗਰੂਕ ਕਰਨਾ ਸੀ। ਇਸ ਸਮਾਗਮ ਵਿੱਚ 70 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ।
ਡਾ: ਪਰਵਿੰਦਰ ਸਿੰਘ, ਇੰਚਾਰਜ, ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਨੇ ਪੀ ਏ ਯੂ, ਲੁਧਿਆਣਾ ਤੋਂ ਆਈ ਟੀਮ ਦਾ ਸਵਾਗਤ ਕੀਤਾ । ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਕਿਸੇ ਵੀ ਕਿਸਮ ਦੇ ਖੇਤੀਬਾੜੀ ਕਾਰਜਾਂ ਨੂੰ ਕਰਨ ਤੋਂ ਪਹਿਲਾਂ ਖੇਤੀਬਾੜੀ ਮਾਹਿਰਾਂ ਦੀ ਸਲਾਹ ਜ਼ਰੂਰ ਲੈਣ। ਉਹਨਾਂ ਨੇ ਘਰੇਲੂ ਬਗੀਚੀ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ।
ਡਾ: ਅਮਰਜੀਤ ਸਿੰਘ, ਪ੍ਰਿੰਸੀਪਲ ਪਸਾਰ ਵਿਗਿਆਨੀ (ਪੌਦਾ ਰੋਗ) ਨੇ ਤਕਨੀਕੀ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ ਮਟਰਾਂ ਅਤੇ ਆਲੂਆਂ ਦੀਆਂ ਬਿਮਾਰੀਆਂ ਦੇ ਲੱਛਣ ਅਤੇ ਉਹਨਾਂ ਦੀ ਰੋਕਥਾਮ ਬਾਰੇ ਵਿਸਥਾਰ ਵਿੱਚ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ । ਉਹਨਾਂ ਹੋਰ ਵੱਖ-ਵੱਖ ਫ਼ਸਲਾਂ ਵਿੱਚ ਬਿਮਾਰੀਆਂ ਦੇ ਪ੍ਰਬੰਧਨ ਬਾਰੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ।
ਡਾ. ਦਿਲਪ੍ਰੀਤ ਸਿੰਘ, ਪਸਾਰ ਵਿਗਿਆਨੀ (ਸਬਜ਼ੀਆਂ) ਨੇ ਆਲੂ ਅਤੇ ਮਟਰ ਦੀਆਂ ਨਵੀਂਆਂ ਕਿਸਮਾਂ, ਉਨ੍ਹਾਂ ਦੇ ਕਾਸ਼ਤ ਦੇ ਢੰਗ ਤਰੀਕੇ ਅਤੇ ਸਬਜ਼ੀਆਂ ਵਿੱਚ ਜੈਵਿਕ -ਖਾਦਾਂ ਦੀ ਵਰਤੋਂ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ।
ਡਾ: ਪਰਮਿੰਦਰ ਕੌਰ, ਪ੍ਰਿੰਸੀਪਲ ਪਸਾਰ ਵਿਗਿਆਨੀ (ਪੌਦਾ ਰੋਗ) ਨੇ ਕਣਕ ਅਤੇ ਸਰ੍ਹੋੰ ਦੇ ਕੀੜੇ - ਮਕੌੜੇ ਅਤੇ ਬਿਮਾਰੀਆਂ ਬਾਰੇ ਕਿਸਾਨਾਂ ਨੂੰ ਜਾਗਰੁਕ ਕੀਤਾ ਅਤੇ ਰੋਕਥਾਮ ਦੇ ਨੁਕਤਿਆਂ ਬਾਰੇ ਦੱਸਿਆ । ਉਨ੍ਹਾਂ ਕਿਸਾਨਾਂ ਨੂੰ ਖੇਤੀ ਕਾਰਜਾਂ ਤੋਂ ਵੱਧ ਤੋਂ ਵੱਧ ਲਾਭ ਲੈਣ ਲਈ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ।
ਡਾ: ਸਵਰੀਤ ਖਹਿਰਾ, ਸੀਨੀਅਰ ਪਸਾਰ ਮਾਹਿਰ (ਫਲ ਵਿਗਿਆਨੀ) ਨੇ ਨਵੇਂ ਲਗਾਏ ਫਲਾਂ ਵਾਲੇ ਪੌਦਿਆਂ ਦੀ ਦੇਖਭਾਲ ਬਾਰੇ ਦੱਸਿਆ।
ਡਾ. ਪਰਮਿੰਦਰ ਸਿੰਘ ਸੰਧੂ, ਜਿਲ੍ਹਾ ਪਸਾਰ ਮਾਹਿਰ, (ਫ਼ਸਲ ਵਿਗਿਆਨੀ) ਨੇ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਵਿੱਚ ਸੁਚੱਜੇ ਖਾਦ ਅਤੇ ਪਾਣੀ ਪ੍ਰਬੰਧ ਕਰਨ ਲਈ ਕਿਹਾ ਤਾਂ ਜੋ ਘੱਟ ਖਰਚੇ ਵਿੱਚ ਫਸਲਾਂ ਤੋਂ ਵੱਧ ਝਾੜ ਲਿਆ ਜਾਵੇ । ਇਸਦੇ ਨਾਲ ਉਹਨਾਂ ਨੇ ਮਾਰਚ ਮਹੀਨੇ ਵਿੱਚ ਕਣਕ ਨੂੰ ਵੱਧਦੇ ਤਾਪਮਾਨ ਤੋਂ ਬਚਾਉਣ ਲਈ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਲਈ ਪ੍ਰੇਰਿਤ ਕੀਤਾ ।
ਕਿਸਾਨਾਂ ਨੇ ਚਰਚਾ ਵਿੱਚ ਆਪਣੇ ਤਜਰਬਿਆਂ ਬਾਰੇ ਦੱਸਿਆ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਅੱਗੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨ ਲਈ ਬੇਨਤੀ ਕੀਤੀ । ਉਹਨਾਂ ਵੱਖ-ਵੱਖ ਫਸਲਾਂ, ਫਲ ਅਤੇ ਸਬਜ਼ੀਆਂ ਵਿੱਚ ਕੀੜੇ - ਮਕੌੜੇ, ਬਿਮਾਰੀਆਂ, ਖਾਦਾਂ, ਸਿੰਚਾਈ ਅਤੇ ਨਦੀਨਾਂ ਸਬੰਧੀ ਪ੍ਰਸ਼ਨ ਪੁੱਛੇ। ਅਖੀਰ ਵਿੱਚ ਡਾ. ਪਰਮਿੰਦਰ ਕੌਰ ਨੇ ਸਾਰੇ ਆਏ ਕਿਸਾਨਾਂ ਅਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ, ਪੀ.ਏ.ਯੂ ਲੁਧਿਆਣਾ ਦੀ ਟੀਮ ਨੇ ਕਿਸਾਨਾਂ ਦੇ ਖੇਤਾਂ ਅਤੇ ਯੂ.ਐੱਸ.ਐੱਫ, ਉਸਮਾਨ ਵਿਖੇ ਆਲੂ, ਟਮਾਟਰ, ਸ਼ਲਗਮ, ਲਸਣ, ਫਲੀਆਂ, ਕਣਕ, ਮਸਰ ਅਤੇ ਰਾਇਆ ਦੇ ਖੇਤਾਂ ਦੇ ਤਜਰਬਿਆਂ ਦਾ ਦੌਰਾ ਵੀ ਕੀਤਾ।
------------------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ