
ਪਟਿਆਲਾ, 11 ਜਨਵਰੀ (ਹਿੰ. ਸ.)।ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਵੱਲੋਂ ਆਯੋਜਿਤ ਸਫਾਈ ਮੁਹਿੰਮ ਵਿੱਚ ਹਿੱਸਾ ਲੈਂਦੇ ਹੋਏ, ਨਵੀਂ ਮੁਹਿੰਮ “ਸਾਡਾ ਪਟਿਆਲਾ, ਅਸੀ ਸਵਾਰੀਏ” ਤਹਿਤ ਪਟਿਆਲਾ ਦੇ ਸਾਰੇ 60 ਵਾਰਡਾਂ ਵਿੱਚ ਇੱਕ ਵਿਆਪਕ ਸਫਾਈ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇੱਥੇ ਤ੍ਰਿਪੜੀ ਵਿਖੇ ਇਸ ਸਫਾਈ ਮੁਹਿੰਮ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਅਤੇ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਨੇ ਕੌਂਸਲਰਾਂ ਨਾਲ ਤਾਲਮੇਲ ਕਰਕੇ ਵਾਰਡ-ਪੱਧਰੀ ਸਫਾਈ ਮੁਹਿੰਮ ਸ਼ੁਰੂ ਕਰਨ ਲਈ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੇ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਸਿਹਤ ਮੰਤਰੀ ਨੇ ਪਟਿਆਲਾ ਨੂੰ ਇੱਕ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਸਥਾਨਕ ਵਸਨੀਕਾਂ ਨੂੰ ਨਾਗਰਿਕ ਸਮਝ ਅਪਣਾਉਣ ਦੀ ਅਪੀਲ ਕੀਤੀ ਅਤੇ ਕੌਂਸਲਰਾਂ ਨੂੰ ਆਪਣੇ-ਆਪਣੇ ਵਾਰਡ ਗੋਦ ਲੈਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਭਰੋਸਾ ਦਿੱਤਾ ਕਿ ਪਟਿਆਲਾ ਦੇ ਵਿਕਾਸ ਅਤੇ ਸਫ਼ਾਈ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਸ਼ਹਿਰ ਵਿੱਚ ਤੇਜ਼ੀ ਨਾਲ ਵਿਕਾਸ ਕਰਵਾਇਆ ਜਾ ਰਿਹਾ ਹੈ। ਲਗਾਤਾਰ ਤੇ ਸਦਾ ਲਈ ਸਾਫ਼ ਸਫ਼ਾਈ 'ਤੇ ਜ਼ੋਰ ਦਿੰਦੇ ਹੋਏ, ਡਾ. ਬਲਬੀਰ ਸਿੰਘ ਨੇ ਕੂੜੇ ਦੀ ਪੈਦਾਵਾਰ ਨੂੰ ਘਟਾਉਣ ਅਤੇ ਘਰੇਲੂ ਪੱਧਰ 'ਤੇ ਕੂੜੇ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰਨ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਂ ਜੋ ਇਸਨੂੰ ਸਿੱਧਾ ਮਟੀਰੀਅਲ ਰਿਕਵਰੀ ਫੈਸਿਲਿਟੀਜ਼ ਵਿੱਚ ਭੇਜਿਆ ਜਾ ਸਕੇ। ਉਨ੍ਹਾਂ ਨੇ ਪਹਿਲਾਂ ਕਈ ਪਿੰਡਾਂ ’ਚ ਸਫਾਈ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਸ਼ਹਿਰ ਦੇ ਦੋ ਵਾਰਡਾਂ ਨੂੰ ਗੋਦ ਲੈਣ ਵਰਗੀਆਂ ਪਹਿਲਕਦਮੀਆਂ ਲਈ ਨਗਰ ਨਿਗਮ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਭਵਿੱਖ ਦੀਆਂ ਵਿਕਾਸ ਯੋਜਨਾਵਾਂ ਸਾਂਝੀਆਂ ਕਰਦੇ ਹੋਏ, ਸਿਹਤ ਮੰਤਰੀ ਨੇ ਨਾਭਾ ਰੋਡ 'ਤੇ ਮੌਜੂਦਾ ਵਾਤਾਵਰਣ ਪਾਰਕ ਨੂੰ ਨਾਭਾ ਤੱਕ ਹੋਰ ਅੱਗੇ ਵਧਾਉਣ, ਫਲੌਲੀ ਵਿਖੇ 7.5 ਏਕੜ ਜ਼ਮੀਨ ਵਿਖੇ ਇੱਕ ਨਵਾਂ ਪਾਰਕ ਵਿਕਸਤ ਕਰਨ ਅਤੇ ਪਟਿਆਲਾ ਵਿਖੇ ਹੜ੍ਹਾਂ ਦੀ ਰੋਕਥਾਮ ਲਈ ਵੱਡੀ ਨਦੀ ਦੀ ਸਮਰੱਥਾ ਵਧਾਉਣ ਦੀ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ। ਸਿਹਤ ਮੰਤਰੀ ਦਾ ਧੰਨਵਾਦ ਕਰਦੇ ਹੋਏ, 'ਮੇਰਾ ਪਟਿਆਲਾ ਮੈਂ ਹੀ ਸਵਾਰਾ' ਦੇ ਐਚਪੀਐਸ ਲਾਂਬਾ, ਕਰਨਲ ਜੇਵੀ ਅਤੇ ਕਰਨਲ ਕਰਮਿੰਦਰ ਸਿੰਘ ਨੇ ਇਸ ਦਿਨ ਨੂੰ ਮੁਹਿੰਮ ਲਈ ਇੱਕ ਇਤਿਹਾਸਕ ਪਲ ਦੱਸਿਆ। ਐਚਪੀਐਸ ਲਾਂਬਾ ਨੇ ਮੰਤਰੀ ਨੂੰ ਪਟਿਆਲਾ ਸ਼ਹਿਰ ਵਿੱਚ ਸਫ਼ਾਈ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅੱਜ ਦੀ ਮੁਹਿੰਮ ਉਨ੍ਹਾਂ ਦੀ 39ਵੀਂ ਸਫਾਈ ਮੁਹਿੰਮ ਸੀ, ਜਿਸਦੀ ਅਗਵਾਈ ਡਾ. ਬਲਬੀਰ ਸਿੰਘ ਨੇ ਸਫਲਤਾਪੂਰਵਕ ਕੀਤੀ। ਉਨ੍ਹਾਂ ਦੁਹਰਾਇਆ ਕਿ ਮੁਹਿੰਮ ਦਾ ਇੱਕੋ-ਇੱਕ ਉਦੇਸ਼ ਪਟਿਆਲਾ ਨੂੰ ਸਾਫ਼ ਕਰਨਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ