
ਅਹਿਮਦਾਬਾਦ (ਗੁਜਰਾਤ), 12 ਜਨਵਰੀ (ਹਿੰ.ਸ.)। ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਭਾਰਤ ਦੇ ਦੋ ਦਿਨਾਂ ਦੌਰੇ ਲਈ ਅਹਿਮਦਾਬਾਦ ਪਹੁੰਚ ਗਏ ਹਨ। ਇਸ ਦੌਰੇ ਦੌਰਾਨ ਉਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਮੁਲਾਕਾਤ ਦੌਰਾਨ 52,500 ਕਰੋੜ ਰੁਪਏ ਦੇ ਪਣਡੁੱਬੀ ਸੌਦੇ ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਉਮੀਦ ਹੈ।ਦੋਵਾਂ ਆਗੂਆਂ ਵਿਚਕਾਰ ਹੋਣ ਵਾਲੀ ਇਸ ਮੀਟਿੰਗ ਵਿੱਚ ਵਪਾਰ, ਨਿਵੇਸ਼, ਰੱਖਿਆ, ਅਤਿ-ਆਧੁਨਿਕ ਤਕਨਾਲੋਜੀ ਦੇ ਨਾਲ-ਨਾਲ ਭਾਰਤ ਲਈ ਬੇਹੱਦ ਮਹੱਤਵਪੂਰਨ ਪਣਡੁੱਬੀ ਸੌਦੇ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਦਾ ਦੌਰਾ ਵਿਸ਼ਵਵਿਆਪੀ ਰਾਜਨੀਤਿਕ ਅਸਥਿਰਤਾ ਦੇ ਸਮੇਂ ਆਇਆ ਹੈ। ਭਾਰਤ ਅਤੇ ਜਰਮਨੀ ਦੋਵੇਂ ਰੱਖਿਆ ਸਹਿਯੋਗ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣਾ ਚਾਹੁੰਦੇ ਹਨ। ਜਰਮਨ ਚਾਂਸਲਰ ਬਣਨ ਤੋਂ ਬਾਅਦ ਇਹ ਮਰਜ਼ ਦਾ ਏਸ਼ੀਆ ਦਾ ਪਹਿਲਾ ਦੌਰਾ ਹੈ। ਇਸ ਦੌਰੇ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਇਸ ਦੌਰੇ ਦਾ ਸਭ ਤੋਂ ਵੱਡਾ ਏਜੰਡਾ ਭਾਰਤੀ ਜਲ ਸੈਨਾ ਲਈ ਛੇ ਅਤਿ-ਆਧੁਨਿਕ ਪਣਡੁੱਬੀਆਂ ਖਰੀਦਣ ਦਾ ਪ੍ਰਸਤਾਵ ਹੈ। ਇਹ ਸੌਦਾ ਲਗਭਗ 52,500 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ। ਇਸ ਸਮਝੌਤੇ ਵਿੱਚ ਜਰਮਨੀ ਦੀ ਪ੍ਰਮੁੱਖ ਰੱਖਿਆ ਕੰਪਨੀ, ਥਾਈਸਨਕ੍ਰੱਪ ਮਰੀਨ ਸਿਸਟਮਜ਼ ਅਤੇ ਭਾਰਤ ਦੀ ਮਾਝਗਾਂਓਂ ਡੌਕ ਸ਼ਿਪਬਿਲਡਰਸ ਲਿਮਟਿਡ ਵਿਚਕਾਰ ਸਾਂਝੇਦਾਰੀ ਸ਼ਾਮਲ ਹੋ ਸਕਦੀ ਹੈ। ਇਹ ਸੌਦਾ ਭਾਰਤ ਦੀ ਸਮੁੰਦਰੀ ਸ਼ਕਤੀ ਨੂੰ ਮਜ਼ਬੂਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਏਗਾ।
ਅਹਿਮਦਾਬਾਦ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਇਲਾਵਾ, ਫ੍ਰੈਡਰਿਕ ਮਰਜ਼ ਸਾਬਰਮਤੀ ਆਸ਼ਰਮ ਦਾ ਦੌਰਾ ਕਰਨਗੇ। ਉਹ ਪਤੰਗ ਮੇਲੇ ਅਤੇ ਇੱਕ ਹੁਨਰ ਵਿਕਾਸ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਣਗੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ