
ਗੋਨਿਆਣਾ, 13 ਜਨਵਰੀ (ਹਿੰ. ਸ.)। ਸਿਵਲ ਸਰਜਨ ਬਠਿੰਡਾ ਡਾ: ਤਪਿੰਦਰ ਜੋਤ ਦੀਆਂ ਹਦਾਇਤਾਂ ਮੁਤਾਬਿਕ ਐਸ.ਐਮ.ਓ. ਡਾ: ਧੀਰਾ ਗੁਪਤਾ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਮਨਾਈ ਗਈ। ਬਲਾਕ ਦੇ ਪਿੰਡ ਸਿਵੀਆਂ ਦੇ ਸ਼ਹੀਦ ਗੋਬਿੰਦ ਸਿੰਘ ਕਲੱਬ ਅਤੇ ਸਾਬਕਾ ਸਰਪੰਚ ਦੀ ਧਰਮ ਪਤਨੀ ਬਲਜੀਤ ਕੌਰ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੌਰਾਨ 32 ਨਵਜੰਮੀਆਂ ਲੜਕੀਆਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਐਸ.ਐਮ.ਓ. ਡਾ: ਧੀਰਾ ਗੁਪਤਾ ਨੇ ਕਿਹਾ ਕਿ ਪੁਲਾੜ ਤੋਂ ਲੈ ਕੇ ਹਰ ਖੇਤਰ ਵਿੱਚ ਧੀਆਂ ਨੇ ਵੱਡੀਆਂ ਮੱੱਲਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਅਜੋਕਾ ਯੁੱਗ ਅਜਿਹਾ ਆ ਗਿਆ ਹੈ ਕਿ ਲੜਕਿਆਂ ਤੋਂ ਵੱਧ ਲੜਕੀਆਂ ਦੀਆਂ ਪ੍ਰਾਪਤੀਆਂ ਹਨ, ਇਸ ਲਈ ਧੀਆਂ ਦੇ ਜਨਮ ਲੈਣ ਨਾਲ ਵਿਤਕਰਾ ਕਰਨਾ ਜਾਇਜ਼ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਚੰਗੀ ਗੱਲ ਹੈ ਕਿ ਧੀਆਂ ਦੀ ਜਨਮ ਦਰ ਵਿੱਚ ਕਾਫ਼ੀ ਵਾਧਾ ਹੋਇਆ ਹੈ।ਉਨ੍ਹਾਂ ਸਾਰੀਆਂ ਧੀਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਧੀਆਂ ਦੋ—ਦੋ ਘਰਾਂ ਦਾ ਮਾਣ ਹੁੰਦੀਆਂ ਹਨ। ਇਸ ਮੌਕੇ ਬਲਜੀਤ ਕੌਰ ਨੇ ਕਿਹਾ ਕਿ ਧੀਆਂ ਸਾਡੇ ਸਮਾਜ਼ ਦਾ ਇੱਕ ਵੱਡਾ ਉਹ ਹਿੱਸਾ ਹਨ ਜਿੰਨ੍ਹਾਂ ਬਿਨਾਂ ਮੁਕੰਮਲ ਸਮਾਜ਼ ਦੀ ਕਲਪਨਾ ਕਰਨੀ ਮੁਸ਼ਕਿਲ ਹੈ। ੳਨ੍ਹਾਂ ਕਿਹਾ ਕਿ ਧੀਆਂ ਦੀ ਲੋਹੜੀ ਦੀ ਪਿਰਤ ਇੱਕ ਚੰਗਾ ਸੁਨੇਹਾ ਦਿੰਦੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ