
ਲੁਧਿਆਣਾ, 14 ਜਨਵਰੀ (ਹਿੰ. ਸ.)। ਪੰਕਜ ਸ਼ਾਰਦਾ ਦੀ ਪੰਜਾਬ ਵਿੱਚ ਬ੍ਰਾਹਮਣ ਅਤੇ ਸਨਾਤਨੀ ਸਮਾਜ ਵਿੱਚ ਚੰਗੀ ਪਕੜ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਨੂੰ ਪੰਜਾਬ ਭਲਾਈ ਬੋਰਡ ਦੇ ਚੇਅਰਮੈਨ ਦਾ ਅਹੁਦਾ ਦੇ ਕੇ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ। ਚੇਅਰਮੈਨ ਪੰਕਜ ਸ਼ਾਰਦਾ ਵੱਲੋਂ ਬੁੱਧਵਾਰ ਨੂੰ ਆਪਣੇ ਸਾਥੀਆਂ ਸਮੇਤ ਮੋਹਾਲੀ ਦੇ ਸੈਕਟਰ 68 ਵਨ ਭਵਨ ਮੋਹਾਲੀ ਵਿਖੇ ਸਰਕਾਰ ਵੱਲੋਂ ਦਿੱਤੇ ਗਏ ਦਫਤਰ ਵਿੱਚ ਆਪਣਾ ਅਹੁਦਾ ਸੰਭਾਲਿਆ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਪੰਕਜ ਸ਼ਾਰਦਾ ਨੇ ਦੱਸਿਆ ਕਿ ਉਹ ਹਫਤੇ ਦੇ ਦੋ ਦਿਨ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੋਂ 3 ਵਜੇ ਤੱਕ ਸਮਾਜ ਦੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਦੀ ਸੁਣਵਾਈ ਕਰਿਆ ਕਰਨਗੇ ਅਤੇ ਮੌਕੇ ’ਤੇ ਹੀ ਸਮੱਸਿਆ ਦਾ ਹੱਲ ਕਰਵਾਇਆ ਜਾਇਆ ਕਰੇਗਾ। ਦੱਸਣਯੋਗ ਹੈ ਕੀ ਚੇਅਰਮੈਨ ਪੰਕਜ ਸ਼ਾਰਦਾ ਵੱਲੋਂ ਲੁਧਿਆਣਾ ਵਿੱਚ ਭਗਵਾਨ ਪਰਸ਼ੂਰਾਮ ਜੈਯੰਤੀ ਦੇ ਮੌਕੇ ਉੱਪਰ ਪਿਛਲੇ ਕਈ ਸਾਲਾਂ ਤੋਂ ਸਮਾਗਮ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪੰਕਜ ਸ਼ਾਰਦਾ ਵੱਲੋਂ ਪਿਛਲੇ 15 ਸਾਲਾਂ ਤੋਂ ਲਗਾਤਾਰ ਪੀਪਲ ਫੋਰ ਔਰਫਨ ਦੇ ਝੰਡੇ ਥੱਲੇ ਲਾਵਾਰਸ ਲਾਸ਼ਾਂ ਦਾ ਸੰਸਕਾਰ ਕੀਤਾ ਜਾ ਰਿਹਾ ਹੈ,ਇਸ ਸੇਵਾ ਤਹਿਤ ਸੰਸਥਾ 12 ਹਜ਼ਾਰ ਦੇ ਕਰੀਬ ਲਵਾਰਸ ਲਾਸ਼ਾਂ ਦਾ ਸੰਸਕਾਰ ਕਰ ਚੁੱਕੀ ਹੈ। ਪੰਕਜ ਸ਼ਾਰਦਾ ਨੂੰ ਚੇਅਰਮੈਨ ਦਾ ਅਹੁਦਾ ਮਿਲਣ ਤੋਂ ਬਾਅਦ ਬ੍ਰਾਹਮਣ ਅਤੇ ਸਨਾਤਨੀ ਸਮਾਜ ਵਿੱਚ ਖੁਸ਼ੀ ਦੀ ਲਹਿਰ ਹੈ। ਪੰਕਜ ਸ਼ਰਧਾ ਵੱਲੋਂ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਮਨੀਸ਼ ਸਸੋਦੀਆ ਦਾ ਧੰਨਵਾਦ ਵੀ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ