
ਅੰਮ੍ਰਿਤਸਰ 14 ਜਨਵਰੀ (ਹਿੰ. ਸ.)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਪਿੰਡ ਵਾਸੀਆਂ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਨਗਰ ਕੌਂਸਲ ਜੰਡਿਆਲਾ ਵਿਖੇ 5 ਕਰੋੜ 80 ਲੱਖ 82 ਹਜ਼ਾਰ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਸਮੇਂ ਕੀਤਾ।
ਈ.ਟੀ.ਓ ਨੇ ਕਿਹਾ ਕਿ ਇਨਾਂ ਵਿਕਾਸ ਕਾਰਜਾਂ ਦੇ ਅਧੀਨ 15 ਲੱਖ ਰੁਪਏ ਦੀ ਲਾਗਤ ਨਾਲ ਗਲੀ ਨੇੜੇ ਹਾਊਸ ਆਫ ਅਮਨ ਵਿਰਕ ਅਤੇ 35 ਲੱਖ ਰੁਪਏ ਦੀ ਲਾਗਤ ਨਾਲ ਤਰਨ ਤਾਰਨ ਬਾਈਪਾਸ ਨਾਲ ਲਗਦੀਆਂ ਵੱਖ ਵੱਖ ਗਲੀਆਂ, 50 ਲੱਖ ਰੁਪਏ ਦੀ ਲਾਗਤ ਨਾਲ ਸੇਖ ਫੱਤਾ ਗੇਟ ਤੋਂ ਸੂਏ ਤੱਕ ਗਲੀਆਂ, 2 ਕਰੋੜ 47 ਲੱਖ ਰੁਪਏ ਦੀ ਲਾਗਤ ਨਾਲ ਜੋਤੀਸਰ ਕਾਲੋਨੀ ਦੀਆਂ ਗਲੀਆਂ ਅਤੇ 2 ਕਰੋੜ 33 ਲੱਖ 82 ਹਜ਼ਾਰ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਤੇਗ ਬਹਾਦਰ ਨਗਰ ਵਿਖੇ ਸੀਵਰੇਜ ਤੇ ਗਲੀਆਂ ਦੇ ਵਿਕਾਸ ਕਾਰਜ ਸ਼ਾਮਲ ਹਨ। ਉਨਾਂ ਕਿਹਾ ਕਿ ਇਹ ਸਾਰੇ ਕਾਰਜ ਲੋਕਾਂ ਨੂੰ ਬਿਹਤਰ ਸੁਵਿਧਾ ਪ੍ਰਦਾਨ ਕਰਨ ਅਤੇ ਹਲਕੇ ਦੇ ਬੁਨਿਆਦੀ ਵਿਕਾਸ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਹਨ। ਕੈਬਨਿਟ ਮੰਤਰੀ ਈ.ਟੀ.ਓ. ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਵਿਕਾਸ ਕਾਰਜਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇ। ਉਨਾਂ ਕਿਹਾ ਕਿ ਵਿਕਾਸ ਕਾਰਜਾਂ ਵਿਚ ਕਿਸੇ ਕਿਸਮ ਦੀ ਢਿੱਲ ਮਿਠ ਬਰਦਾਸ਼ ਨਹੀ ਕੀਤੀ ਜਾਵੇਗੀ।
ਈ.ਟੀ.ਓ. ਨੇ ਪਿਛਲੀਆਂ ਸਰਕਾਰਾਂ ਤੇ ਤੰਜ ਕਸਦਿਆਂ ਕਿਹਾ ਕਿ 1992 ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਸ ਜੰਡਿਆਲਾ ਦੀ ਸਾਰ ਨਹੀਂ ਲਈ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਤਾਂ ਕੇਵਲ ਹਵਾ ਵਿਚ ਹੀ ਤੀਰ ਮਾਰਦੀਆਂ ਸਨ ਜਦਕਿ ਮਾਨ ਸਰਕਾਰ ਨੇ ਜਮੀਨੀ ਪੱਧਰ ਤੇ ਹਰੇਕ ਪਿੰਡ ਵਿੱਚ ਪਹੁੰਚ ਕਰਕੇ ਲੋਕਾਂ ਦੇ ਕੰਮ ਕੀਤੇ ਹਨ। ਉਨਾਂ ਕਿਹਾ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਅਸੀਂ ਜੋ ਵੀ ਵਿਕਾਸ ਦੀਆਂ ਗਰੰਟੀਆਂ ਦਿੱਤੀਆਂ ਸਨ, ਉਸ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਹੈ। ਉਨਾਂ ਪਿਛਲੀਆਂ ਸਰਕਾਰਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਹਲਕੇ ਦਾ ਵੱਧ ਵਿਕਾਸ ਅਤੇ ਹੁਣ ਤੱਕ ਦੀਆਂ ਸਭ ਤੋਂ ਵੱਧ ਗਰਾਂਟਾਂ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਅਸੀਂ ਆਪਣੇ ਕੰਮਾਂ ਦੇ ਆਧਾਰ ਤੇ ਲੋਕਾਂ ਦੀ ਕਚਿਹਿਰੀ ਵਿੱਚ ਜਾਵਾਂਗੇ ਅਤੇ ਭਾਰੀ ਬਹੁਮਤ ਨਾਲ ਜਿੱਤ ਕੇ ਮੁੜ ਸਰਕਾਰ ਬਣਾਵਾਂਗੇ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਕੰਮ ਕਰਾਂਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ