
ਚੰਡੀਗੜ੍ਹ, 14 ਜਨਵਰੀ (ਹਿੰ. ਸ.)। ਸੂਬੇ ਦੇ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਦੇ ਯਤਨਾਂ ਤਹਿਤ ਪੰਜਾਬ ਖੇਤਰੀ ਤੇ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ (ਪੀ.ਆਰ.ਟੀ.ਪੀ.ਡੀ.) ਬੋਰਡ ਦੀ ਉੱਚ-ਪੱਧਰੀ ਮੀਟਿੰਗ ਇੱਥੇ ਪੰਜਾਬ ਭਵਨ ਵਿਖੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਾਈਸ ਚੇਅਰਮੈਨ, ਪੀ.ਆਰ.ਟੀ.ਪੀ.ਡੀ ਬੋਰਡ-ਕਮ-ਮੰਤਰੀ ਇੰਚਾਰਜ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿੱਚ ਸਥਾਨਕ ਸਰਕਾਰਾਂ, ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਬਿਜਲੀ ਵਿਭਾਗ ਦੇ ਮੰਤਰੀ ਇੰਚਾਰਜ ਸੰਜੀਵ ਅਰੋੜਾ ਨੇ ਸ਼ਿਰਕਤ ਕੀਤੀ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਇੰਚਾਰਜ ਹਰਭਜਨ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਨੇ ਆਨਲਾਈਨ ਵਿਧੀ ਰਾਹੀਂ ਮੀਟਿੰਗ ਵਿੱਚ ਹਿੱਸਾ ਲਿਆ। ਬੋਰਡ ਨੇ ਸੂਬੇ ਭਰ ਵਿੱਚ ਯੋਜਨਾਬੱਧ ਸ਼ਹਿਰੀਕਰਨ ਅਤੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮੁੱਖ ਏਜੰਡਿਆਂ 'ਤੇ ਵਿਚਾਰ-ਵਟਾਂਦਰਾ ਕੀਤਾ।
ਇਸ ਦੌਰਾਨ ਪੀ.ਆਰ.ਟੀ.ਪੀ.ਡੀ. ਬੋਰਡ ਨੇ ਡੇਰਾ ਬਾਬਾ ਨਾਨਕ, ਨੰਗਲ, ਬਰਨਾਲਾ ਅਤੇ ਨਾਭਾ ਦੇ ਨਵੇਂ ਮਾਸਟਰ ਪਲਾਨਾਂ ਨੂੰ ਪ੍ਰਵਾਨਗੀ ਦਿੱਤੀ। ਇਨ੍ਹਾਂ ਪ੍ਰਵਾਨਗੀਆਂ ਰਾਹੀਂ ਸਬੰਧਤ ਖੇਤਰਾਂ ਦੇ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸਥਾਪਤ ਕੀਤੇ ਜਾਣ ਵਾਲੇ ਨਵੇਂ ਉਦਯੋਗਿਕ ਹੱਬਾਂ ਅਤੇ ਰਿਹਾਇਸ਼ੀ ਟਾਊਨਸ਼ਿਪਾਂ ਰਾਹੀਂ ਨਿਵੇਸ਼ ਦੇ ਨਵੇਂ ਰਾਹ ਖੁੱਲ੍ਹਣਗੇ, ਜਿਸ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਨਾਗਰਿਕ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਸੁਧਾਰ ਹੋਵੇਗਾ। ਬੋਰਡ ਨੇ ਸੁਰੱਖਿਆ, ਯੋਜਨਾਬੱਧ ਸੜਕ ਵਿਸਥਾਰ ਅਤੇ ਟਿਕਾਊ ਸ਼ਹਿਰੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਵੱਖ-ਵੱਖ ਮਾਸਟਰ ਪਲਾਨਾਂ ਅਤੇ ਯੂਨੀਫਾਈਡ ਜ਼ੋਨਿੰਗ ਰੈਗੂਲੇਸ਼ਨਸ, ਖ਼ਾਸ ਕਰਕੇ ਨਿਰਧਾਰਤ ਸੜਕਾਂ ਦੇ ਨਾਲ-ਨਾਲ ਨੋ-ਕੰਸਟ੍ਰਕਸ਼ਨ ਜ਼ੋਨ ਸਬੰਧੀ ਸੋਧਾਂ ਸਮੇਤ ਹੋਰ ਮਹੱਤਵਪੂਰਨ ਏਜੰਡਿਆਂ ਨੂੰ ਵੀ ਪ੍ਰਵਾਨਗੀ ਦਿੱਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ