

ਨਵੀਂ ਦਿੱਲੀ, 17 ਜਨਵਰੀ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਪੱਛਮੀ ਬੰਗਾਲ ਦੇ ਮਾਲਦਾ ਵਿੱਚ ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨ ਕੋਲਕਾਤਾ (ਹਾਵੜਾ) ਅਤੇ ਗੁਹਾਟੀ (ਕਾਮਾਖਿਆ) ਵਿਚਕਾਰ ਚੱਲੇਗੀ ਅਤੇ 958 ਕਿਲੋਮੀਟਰ ਦੀ ਦੂਰੀ ਸਿਰਫ 14 ਘੰਟਿਆਂ ਵਿੱਚ ਤੈਅ ਕਰੇਗੀ, ਜਦੋਂ ਕਿ ਵਰਤਮਾਨ ’ਚ ਇਹ ਯਾਤਾਰਾ ਲਗਭਗ 17 ਘੰਟਿਆਂ ਵਿੱਚ ਪੂਰੀ ਹੁੰਦੀ ਹੈ। ਲੋਕ ਅਰਪਣ ਦੌਰਾਨ, ਪ੍ਰਧਾਨ ਮੰਤਰੀ ਨੇ ਟ੍ਰੇਨ ਵਿੱਚ ਬੱਚਿਆਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਵਿਦਿਆਰਥੀਆਂ ਨੇ ਕਵਿਤਾਵਾਂ ਸੁਣਾਈਆਂ ਅਤੇ ਆਪਣੇ ਅਨੁਭਵ ਸਾਂਝੇ ਕੀਤੇ, ਜਦੋਂ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਟੋਗ੍ਰਾਫ ਦਿੱਤੇ ਅਤੇ ਆਪਣੇ ਅਨੁਭਵ ਵੀ ਸਾਂਝੇ ਕੀਤੇ। ਉਨ੍ਹਾਂ ਨੇ ਟ੍ਰੇਨ ਡਰਾਈਵਰ ਅਤੇ ਸਟਾਫ ਨਾਲ ਵੀ ਗੱਲਬਾਤ ਕੀਤੀ। ਸਟੇਸ਼ਨ 'ਤੇ ਲੋਕਾਂ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਹੱਥਾਂ ਵਿੱਚ ਤਿਰੰਗੇ ਨਾਲ ਕੀਤਾ। ਇਸ ਦੌਰਾਨ ਸਟੇਸ਼ਨ 'ਤੇ ਵੱਡੀ ਭੀੜ ਇਕੱਠੀ ਹੋ ਗਈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨੂੰ ਦੇਵੀ ਦੀ ਮੂਰਤੀ ਭੇਟ ਕੀਤੀ।ਰੇਲਵੇ ਬੋਰਡ ਦੇ ਅਨੁਸਾਰ, ਵੰਦੇ ਭਾਰਤ ਸਲੀਪਰ ਟ੍ਰੇਨ ਵਿੱਚ ਆਰਏਸੀ ਦਾ ਕੋਈ ਪ੍ਰਬੰਧ ਨਹੀਂ ਹੋਵੇਗਾ। ਟ੍ਰੇਨ ਵਿੱਚ ਕੁੱਲ 16 ਕੋਚ ਹੋਣਗੇ, ਜਿਨ੍ਹਾਂ ਵਿੱਚ 11 ਥਰਡ ਏਸੀ, 4 ਸੈਕਿੰਡ ਏਸੀ ਅਤੇ 1 ਫਸਟ ਏਸੀ ਕੋਚ ਸ਼ਾਮਲ ਹਨ। ਕਿਰਾਇਆ ਰਾਜਧਾਨੀ ਐਕਸਪ੍ਰੈਸ ਵਰਗੀਆਂ ਪ੍ਰੀਮੀਅਮ ਟ੍ਰੇਨਾਂ ਨਾਲੋਂ ਥੋੜ੍ਹਾ ਵੱਧ ਹੋਵੇਗਾ। ਗੁਹਾਟੀ ਤੋਂ ਹਾਵੜਾ ਤੱਕ ਥਰਡ ਏਸੀ ਦਾ ਕਿਰਾਇਆ ਲਗਭਗ 2,300 ਰੁਪਏ ਨਿਰਧਾਰਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਰੇਲ ਮੰਤਰੀ ਵੈਸ਼ਨਵ ਨੇ 1 ਜਨਵਰੀ ਨੂੰ ਹਾਵੜਾ-ਗੁਹਾਟੀ ਰੂਟ 'ਤੇ ਏਸੀ-1, ਏਸੀ-2, ਅਤੇ ਏਸੀ-3 ਕਲਾਸਾਂ ਲਈ ਅਸਥਾਈ ਕਿਰਾਏ ਦਾ ਐਲਾਨ ਕੀਤਾ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ