
ਲੁਧਿਆਣਾ 18 ਜਨਵਰੀ (ਹਿੰ. ਸ.)। ਪੰਜਾਬ ਸਰਕਾਰ ਦੇ ਉਦਯੋਗ, ਵਣਜ ਅਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਡਾਇਰੈਕਟਰ, ਨਗਰ ਅਤੇ ਗਰਾਮ ਯੋਜਨਾਬੰਦੀ ਵਿਭਾਗ ਪੰਜਾਬ ਨੀਰੂ ਕਤਿਆਲ ਗੁਪਤਾ ਦੇ ਨਾਲ ਇੰਟੈਕਸਟ ਐਕਸਪੋ 2026 ਲੁਧਿਆਣਾ ਪ੍ਰਦਰਸ਼ਨੀ ਸੈਂਟਰ ਸਾਹਨੇਵਾਲ ਦਾ ਦੌਰਾ ਕੀਤਾ। ਇਸ ਪ੍ਰਦਰਸ਼ਨੀ ਸੈਂਟਰ ਵਿੱਚ 250 ਤੋਂ ਵੱਧ ਨਾਮੀ ਕੰਪਨੀਆਂ ਨੇ ਭਾਗ ਲਿਆ ਅਤੇ ਇਹਨਾਂ ਕੰਪਨੀਆਂ ਵੱਲੋਂ ਲੋਕਾਂ ਦੇ ਘਰ ਬਣਾਉਣ ਅਤੇ ਸਜਾਉਣ ਲਈ ਵਰਤੇ ਜਾਂਦੇ ਨਵੀਂ ਤਕਨੀਕ ਨਾਲ ਤਿਆਰ ਕੀਤੇ ਮੁਕੰਮਲ ਸਮਾਨ ਇੱਕ ਛੱਤ ਥੱਲੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਇਸ ਪ੍ਰਦਰਸ਼ਨੀ ਵਿੱਚ ਇਮਾਰਤਾਂ ਬਣਾਉਣ ਵਾਲੇ ਸਬੰਧਤ ਲੋਕਾਂ ਨੇ ਵੀ ਵੱਡੀ ਗਿਣਤੀ ਵਿੱਚ ਭਾਗ ਲੈਣ ਕੇ ਕੰਪਨੀਆਂ ਵੱਲੋਂ ਨਵੀਂ ਤਕਨੀਕ ਦੇ ਲਗਾਏ ਸਮਾਨ ਦੀ ਭਰਪੂਰ ਸ਼ਲਾਘਾ ਕੀਤੀ। ਕੰਪਨੀਆਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਘਰਾਂ ਦੇ ਸਮਾਨ ਦੇਣ ਲਈ ਆਰਡਰ ਬੁੱਕ ਕੀਤੇ।
ਇਸ ਤੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਡਾਇਰੈਕਟਰ, ਨਗਰ ਅਤੇ ਗਰਾਮ ਯੋਜਨਾਬੰਦੀ ਵਿਭਾਗ ਪੰਜਾਬ ਨੀਰੂ ਕਤਿਆਲ ਗੁਪਤਾ ਦੇ ਨਾਲ 'ਸਾਂਝ 2.0' ਪ੍ਰੋਗਰਾਮ ਦਾ ਉਦਘਾਟਨ ਸ਼ਮਾਂ ਰੌਸ਼ਨ ਕਰਕੇ ਕੀਤਾ। ਇਹ ਪ੍ਰੋਗਰਾਮ ਇੰਡੀਅਨ ਇੰਸਟੀਚਿਊਟ ਆਫ ਟਾਊਨ ਪਲੈਨਰ ਪੰਜਾਬ ਅਤੇ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਚਰ ਪੰਜਾਬ ਵੱਲੋਂ ਆਯੋਜਿਤ ਕੀਤਾ ਗਿਆ। ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਇਸ ਤਰਾਂ ਦੀਆਂ ਪ੍ਰਦਰਸ਼ਨੀਆਂ ਨਾਲ ਪੰਜਾਬ ਦੇ ਉਦਯੋਗ ਨੂੰ ਬਹੁਤ ਵੱਡਾ ਲਾਭ ਮਿਲਦਾ ਹੈ। ਇਸ ਦੇ ਨਾਲ ਨਵੀਆਂ ਤਕਨੀਕਾਂ ਦਾ ਅਦਾਨ ਪ੍ਰਦਾਨ ਹੁੰਦਾ ਹੈ। ਉਥੇ ਨਾਲ ਹੀ ਪੰਜਾਬ ਦੀ ਨਿਰਮਾਣ ਉਦਯੋਗ ਨੂੰ ਨਵੀਆਂ ਤਕਨੀਕਾਂ ਦੀ ਜਾਣਕਾਰੀ ਵੀ ਮਿਲਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੀਆਂ ਨਵੀਆਂ ਇਨਵੈਸਟਮੈਂਟਾ ਅਤੇ ਉਦਯੋਗ ਆਉਣ ਲਈ ਉਤਸ਼ਾਹਿਤ ਹਨ। ਜਿਸ ਲਈ ਪੰਜਾਬ ਸਰਕਾਰ ਪੂਰਾ ਸਹਿਯੋਗ ਦੇਵੇਗੀ।
ਉਦਯੋਗ ਮੰਤਰੀ ਨੇ ਉਦਯੋਗ ਦੇ ਸਬੰਧ ਵਿੱਚ ਬੋਲਦਿਆਂ ਕਿਹਾ ਕਿ ਸਾਡੇ ਕੋਲ ਬਹੁਤ ਇਨਵੈਸਟਮੈਂਟ ਆ ਰਹੀਆਂ ਹਨ। ਸਾਡੇ ਪੰਜਾਬ ਨੂੰ ਕੱਲ ਵੀ ਈਕੋ ਸਿਸਟਮ ਦੇ ਸਟਾਰਟ ਅੱਪ ਲਈ ਬੈਸਟ ਅਵਾਰਡ ਮਿਲਿਆ ਹੈ। ਪਹਿਲਾਂ ਵੀ ਈ.ਜੀ ਆਫ ਡੂਇੰਗ ਦਾ ਅਵਾਰਡ ਮਿਲਿਆ ਹੈ। ਇਹ ਦੋਨੋਂ ਅਵਾਰਡ ਭਾਰਤ ਸਰਕਾਰ ਵੱਲੋਂ ਮਿਲੇ ਹਨ। ਪਿਛਲੇ ਇੱਕ ਸਾਲ ਦੌਰਾਨ ਹੋਈ ਇਨਵੈਸਟਮੈਂਟ ਤੋਂ ਦੁੱਗਣੀ ਇਨਵੈਸਟਮੈਂਟ ਇਸ ਸਾਲ ਦੇ 9 ਮਹੀਨਿਆਂ ਵਿੱਚ ਹੋ ਚੁੱਕੀ ਹੈ। ਅਗਲੇ ਤਿੰਨ ਮਹੀਨਿਆਂ ਵਿੱਚ ਵੀ ਹੋਰ ਇਨਵੈਸਟਮੈਂਟ ਹੋਣ ਦੀ ਉਮੀਦ ਹੈ। ਮੰਤਰੀ ਸੰਜੀਵ ਅਰੋੜਾ ਨੇ ਸਾਰੇ ਲੁਧਿਆਣਾ ਅਤੇ ਪੰਜਾਬ ਵਾਸੀਆਂ ਨੂੰ ਕਿਹਾ ਕਿ ਇਹ ਪ੍ਰਦਰਸ਼ਨੀ 19 ਜਨਵਰੀ, 2026 ਤੱਕ ਲੱਗੇਗੀ ਜਿਸ ਨੂੰ ਜਰੂਰ ਦੇਖਣ ਲਈ ਆਓ। ਨਹੀਂ ਤਾਂ ਤੁਸੀਂ ਇੱਕ ਵਧੀਆ ਮੌਕਾ ਹੱਥੋਂ ਗਵਾ ਦੇਵੋਗੇ। ਜੇਕਰ ਤੁਸੀਂ ਕਮਰਸ਼ੀਅਲ ਅਦਾਰਾ ਬਣਾ ਰਹੇ ਹੋ, ਘਰ ਬਣਾ ਰਹੇ ਹੋ, ਫੈਕਟਰੀ ਬਣਾ ਰਹੇ ਹੋ ਜਾਂ ਕਿਸੇ ਵੀ ਕਿਸਮ ਦੀ ਉਸਾਰੀ ਕਰਨੀ ਹੈ ਤਾਂ ਇੱਥੇ ਜਰੂਰ ਆਓ ਅਤੇ ਦੇਖੋ ਕਿੰਨੇ ਕਮਾਲ ਦੇ ਕੰਪਨੀਆਂ ਵੱਲੋਂ ਉਪਕਰਨ ਲਗਾਏ ਗਏ ਹਨ।
ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਚਰ ਪੰਜਾਬ ਅਤੇ ਡਾਇਰੈਕਟਰ ਸਮਾਰਟ ਸਿਟੀ ਲਿਮਟਿਡ ਲੁਧਿਆਣਾ ਪ੍ਰਿਤਪਾਲ ਸਿੰਘ ਆਹਲੂਵਾਲੀਆ ਨੇ ਉਦਯੋਗ ਮੰਤਰੀ ਤੋਂ ਮੰਗ ਕੀਤੀ ਕਿ ਚੰਡੀਗੜ੍ਹ ਦੀ ਤਰਜ ਤੇ ਪੰਜਾਬ ਕਮੇਟੀਆਂ ਵਿੱਚ ਆਰਕੀਟੈਕਚਰ ਬਾਡੀ ਦੇ ਨੁਮਾਇੰਦਿਆਂ ਨੂੰ ਐਡਵਾਈਜਰ ਮੈਂਬਰ ਬਣਾਇਆ ਜਾਵੇ ਤਾਂ ਜੋ ਪਲੈਨਿੰਗ ਵਿੱਚ ਸਰਕਾਰ ਨੂੰ ਸੁਚੱਜੇ ਢੰਗ ਨਾਲ ਸਲਾਹ ਦੇ ਸਕਣ। ਇਸ ਤੇ ਮੰਤਰੀ ਸੰਜੀਵ ਅਰੋੜਾ ਨੇ ਪ੍ਰਿਤਪਾਲ ਸਿੰਘ ਆਲੂਵਾਲੀਆ ਨੂੰ ਕਿਹਾ ਕਿ ਇਸ ਸਬੰਧੀ ਉਹਨਾਂ ਨੂੰ ਲਿਖਤੀ ਤੌਰ ਉੱਤੇ ਦਿੱਤਾ ਜਾਵੇ। ਮੰਤਰੀ ਅਰੋੜਾ ਨੇ ਆਰਕੀਟੈਕਚਰ ਤੋਂ ਸੈਲਫ ਸਰਟੀਫਿਕੇਸਨ ਆਫ ਬਿਲਡਿੰਗ ਪਲਾਨ ਸਕੀਮ ਨੂੰ ਸਫਲ ਕਰਨ ਲਈ ਕਿਹਾ ਜਿਸ ਤੇ ਪ੍ਰਿਤਪਾਲ ਸਿੰਘ ਆਲੂਵਾਲੀਆ ਨੇ ਜ਼ੋਰ ਦੇ ਕੇ ਵਿਸ਼ਵਾਸ਼ ਦਿਵਾਇਆ ਕਿ ਉਹ ਸਰਕਾਰ ਦੀ ਇਸ ਸਕੀਮ ਨੂੰ ਸਫਲ ਕਰਨ ਲਈ ਸਾਥ ਦੇਣਗੇ। ਇਸ ਮੌਕੇ ਪੰਜਾਬ ਦੀ ਆਰਕੀਟੈਕਚਰ ਵਿਰਾਸਤ ਨੂੰ ਕਾਇਮ ਰੱਖਣ ਲਈ ਇਮਾਨਤ ਅਤੇ ਪਹਿਚਾਣ ਨਾਮ ਦੀ ਪ੍ਰਦਰਸ਼ਨੀ ਲਗਾਈ ਜਿਸ ਦੀ ਮੰਤਰੀ ਅਰੋੜਾ ਨੇ ਪ੍ਰਸੰਸਾ ਕੀਤੀ ਅਤੇ ਇਸ ਪ੍ਰਦਰਸ਼ਨੀ ਤੋਂ ਖੁਸ਼ ਹੋ ਕੇ ਮੰਤਰੀ ਨੇ ਆਪਣੇ ਵੱਲੋਂ ਪਹਿਲਾਂ ਇਨਾਮ 50 ਹਜਾਰ ਰੁਪਏ, ਦੂਜਾ ਇਨਾਮ 30 ਹਜ਼ਾਰ ਰੁਪਏ ਅਤੇ ਤੀਜਾ ਇਨਾਮ 20 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਮੱਧ ਪ੍ਰਦੇਸ਼ ਤੋਂ ਉਦਯੋਗ ਵਿਭਾਗ ਦੇ ਪੀ.ਐਚ.ਡੀ ਚੈਂਬਰ ਦੇ ਸਹਿਯੋਗ ਨਾਲ ਲਘੂ ਉਦਯੋਗ ਨਿਗਮ ਦੇ ਨਾਲ ਫਰਨੀਚਰ ਦੇ 30 ਛੋਟੇ ਉਦਯੋਗਪਤੀ ਭਾਰਤ ਸਰਕਾਰ ਦੀ ਰੈਪ ਸਕੀਮ ਅਧੀਨ ਇਸ ਡੈਲੀਗੇਸ਼ਨ ਨੇ ਵੀ ਪ੍ਰਦਰਸ਼ਨੀ ਵਿੱਚ ਭਾਗ ਲਿਆ। ਇਹ ਡੈਲੀਗੇਸ਼ਨ ਸ੍ਰੀ ਅਨਿਲ ਥਾਗਲੇ ਨੋਡਲ ਅਫਸਰ ਰੈਂਪ ਅਤੇ ਚੀਫ ਜਨਰਲ ਮੈਨੇਜਰ ਲਘੂ ਉਦਯੋਗ ਨਿਗਮ ਮੱਧ ਪ੍ਰਦੇਸ਼ ਦੀ ਅਗਵਾਈ ਵਿੱਚ ਉਦਯੋਗ ਮੰਤਰੀਸੰਜੀਵ ਅਰੋੜਾ ਨੂੰ ਵੀ ਮਿਲਿਆ। ਮੰਤਰੀ ਅਰੋੜਾ ਨੇ ਡੈਲੀਗੇਸ਼ਨ ਨੂੰ ਕਿਹਾ ਕਿ ਉਹਨਾਂ ਦਾ ਮੱਧ ਪ੍ਰਦੇਸ਼ ਦੇ ਉਦਯੋਗ ਨਾਲ ਬਹੁਤ ਜਿਆਦਾ ਲਗਾਵ ਹੈ ਅਤੇ ਮੱਧ ਪ੍ਰਦੇਸ਼ ਉਦਯੋਗ ਨੂੰ ਵੀ ਪੰਜਾਬ ਵਿੱਚ ਉਦਯੋਗ ਲਗਾਉਣ ਲਈ ਸੱਦਾ ਦਿੱਤਾ ਜਾਵੇਗਾ।
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਦਰਸ਼ਨੀ ਸੈਂਟਰ ਜਲੰਧਰ ਬਾਈਪਾਸ 'ਤੇ ਪੰਜਾਬ ਐਗਰੋ ਦੀ ਜਗਾਂ ਤੇ ਆ ਰਿਹਾ ਹੈ। ਹਲਵਾਰਾ ਏਅਰਪੋਰਟ ਬਿਲਕੁਲ ਤਿਆਰ ਹੈ ਕੁਝ ਤਕਨੀਕੀ ਮੁਸ਼ਕਿਲ ਕਾਰਨ ਥੋੜਾ ਲੇਟ ਹੈ। ਸਕਿਉਰਟੀ ਵਾਲਿਆਂ ਦੀ ਵੀ ਟ੍ਰੇਨਿੰਗ ਚੱਲ ਰਹੀ ਹੈ। ਇਹ ਏਅਰਪੋਰਟ ਜਲਦੀ ਹੀ ਚਾਲੂ ਹੋ ਜਾਵੇਗਾ। ਮੈਂ ਕੇਂਦਰ ਸਰਕਾਰ ਅਤੇ ਸਬੰਧਤ ਅਦਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਲਦੀ ਤੋਂ ਜਲਦੀ ਸਾਨੂੰ ਐਨ.ਓ.ਸੀ ਦਿੱਤੇ ਜਾਣ। ਉਹਨਾਂ ਕਿਹਾ ਕਿ ਤੁਹਾਨੂੰ ਜਲਦੀ ਹੀ ਪੰਜਾਬ ਵਿੱਚ ਕਿਤੇ ਵੀ ਬਿਜਲੀ ਦੀਆਂ ਤਾਰਾਂ ਲਮਕਦੀਆਂ ਨਹੀਂ ਦਿਸਣਗੀਆ। ਅਸੀਂ ਇੱਕ ਸਬ ਡਿਵੀਜ਼ਨ ਵਿੱਚ ਇਹ ਕੰਮ ਕਰ ਦਿੱਤਾ ਹੈ ਅਤੇ ਬਾਕੀ ਵੀ ਸਾਰੇ ਟੈਂਡਰ ਲਗਾ ਦਿੱਤੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ