
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਜਨਵਰੀ (ਹਿੰ. ਸ.)। ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਦੀ ਅਗਵਾਈ ਅਧੀਨ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ 12 ਗੌਰਮਿੰਟ ਹਾਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿੱਟੀ ਪਰਖ ਸਬੰਧੀ ਟ੍ਰੇਨਿੰਗ ਦਿੱਤੀ ਗਈ।
ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਨੇ ਦੱਸਿਆ ਕਿ ਸਰਕਾਰ ਵੱਲੋਂ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਲਬਾਰਟਰੀਆਂ ਰਾਹੀਂ ਮਿੱਟੀ ਦੀ ਪਰਖ ਕਰਨ ਲਈ ਪਾਇਲਟ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਦੇ ਖੇਤੀਬਾੜੀ ਵਿਭਾਗ ਨੋਡਲ ਏਜੰਸੀ ਦੇ ਤੌਰ ਤੇ ਕੰਮ ਕਰ ਰਹੀ ਹੈ ਜਿਨ੍ਹਾਂ ਵੱਲੋਂ ਸਰਕਾਰ ਵੱਲੋਂ ਚੁਣੇ ਗਏ ਸਕੂਲਾਂ ਵਿੱਚ ਭੌ ਪਰਖ ਸਬੰਧੀ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਦੀਆਂ ਟੀਮਾਂ ਬਣਾ ਕਿ ਸਕੂਲਾਂ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਉਨ੍ਹਾਂ ਰਾਹੀਂ ਮਿੱਟੀ ਦੀ ਉਪਜਾਊ ਸ਼ਕਤੀ ਦੀ ਮਹੱਤਤਾ, ਸੈਂਪਲ ਲੈਣ ਦੀ ਵਿਧੀ, ਪਰਖ ਅਤੇ ਪਰਖ ਉਪਰੰਤ ਸੁਆਇਲ ਹੈਲਥ ਕਾਰਡ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਪ੍ਰੋਗਰਾਮ ਅਧੀਨ ਸੁਆਇਲ ਹੈਲਥ ਮੈਪ ਅਧੀਨ ਮੁੱਖ ਅਧਿਆਪਕ ਅਤੇ ਸਾਇੰਸ ਅਧਿਆਪਕ ( ਲੈਬ ਇੰਨਚਾਰਜ) ਦੀਆਂ ਆਈ.ਡੀ. ਤਿਆਰ ਕੀਤੀਆਂ ਗਈਆਂ, ਤਾਂ ਜੋ ਭਵਿੱਖ ਵਿੱਚ ਸਕੂਲਾਂ ਦੀਆਂ ਲਬਾਰਟਰੀਆਂ ਰਾਹੀਂ ਮਿੱਟੀ ਦੀ ਪਰਖ ਅਤੇ ਰਿਪੋਟਿੰਗ ਨੂੰ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਸਕੂਲਾਂ ਨੂੰ ਮਿੱਟੀ ਪਰਖ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਨ੍ਹਾਂ ਕਿੱਟਾਂ ਰਾਹੀਂ ਮਿੱਟੀ ਪਰਖ ਕਰਨ ਦੀ ਪ੍ਰੀਕਿਆ ਬਾਰੇ ਵੀ ਖੇਤੀਬਾੜੀ ਵਿਭਾਗ ਵੱਲੋਂ ਟ੍ਰੇਨਿੰਗਾਂ ਆਯੋਜਿਤ ਕੀਤੀਆਂ ਜਾਣਗੀਆਂ।ਇਹ ਟ੍ਰੇਨਿੰਗਾਂ ਡਾ. ਸ਼ੁਭਕਰਨ ਸਿੰਘ ਖੇਤੀਬਾੜੀ ਅਫਸਰ,. ਖੇਤੀਬਾੜੀ ਵਿਕਾਸ ਅਫਸਰ. ਡਾ ਗੁਰਦਿਆਲ ਕੁਮਾਰ, ਡਾ. ਪਰਮਿੰਦਰ ਸਿੰਘ, ਡਾ. ਮਨਦੀਪ ਕੌਰ, ਡਾ. ਜਸਪ੍ਰੀਤ ਸਿੰਘ , ਡਾ. ਗੁਰਜੀਤ ਸਿੰਘ ਵੱਲੋਂ ਦਿੱਤੀਆਂ ਗਈਆਂ। ਇਨ੍ਹਾਂ ਟ੍ਰੇਨਿਗਾਂ ਨੂੰ ਆਯੋਜਿਤ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਸਬੰਧਤ ਸਕੂਲਾਂ ਦੇ ਮੁੱਖ ਅਧਿਆਪਕਾਂ ਅਤੇ ਅਧਿਆਪਕਾਵਾਂ ਖਾਸ ਤੌਰ ਸਾਇੰਸ ਅਧਿਆਪਕਾਵਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ