
ਬਰਨਾਲਾ (ਠੀਕਰੀਵਾਲਾ), 19 ਜਨਵਰੀ (ਹਿੰ. ਸ.)। ਪਿੰਡ ਠੀਕਰੀਵਾਲਾ ਵਿੱਚ ਸੇਵਾ ਸਿੰਘ ਠੀਕਰੀਵਾਲਾ ਦੀ ਹਵੇਲੀ ਨਵਿਆਉਣ ਅਤੇ ਸਾਂਭ ਸੰਭਾਲ ਲਈ ਅਨੁਮਾਨਿਤ ਖਰਚੇ ਸਬੰਧੀ ਦਿਸ਼ਾ ਨਿਰਦੇਸ਼ ਜ਼ਿਲ੍ਹਾ ਪ੍ਰਸਾਸ਼ਨ ਨੂੰ ਜਾਰੀ ਕਰ ਦਿੱਤੇ ਗਏ ਹਨ, ਜਿਸ ਅਨੁਸਾਰ ਫੰਡਜ਼ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਜਾਣਗੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾਂ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਇਥੇ ਪਿੰਡ ਠੀਕਰੀਵਾਲਾ ਵਿੱਚ ਪਰਜਾ ਮੰਡਲ ਲਹਿਰ ਦੇ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਜੀ ਦੇ 92ਵੀਂ ਬਰਸੀ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕੈਬਨਿਟ ਮੰਤਰੀ ਅਮਨ ਅਰੋੜਾ, ਸੰਸਦ ਮੈਂਬਰ ਮੀਤ ਹੇਅਰ ਅਤੇ ਵਿਧਾਇਕ ਮਹਿਲ ਕਲਾਂ ਤੇ ਵਿਸ਼ੇਸ਼ ਅਧਿਕਾਰ ਕਮੇਟੀ (ਵਿਧਾਨ ਸਭਾ) ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ, ਚੇਅਰਮੈਨ ਪਲਾਨਿੰਗ ਬੋਰਡ ਬਰਨਾਲਾ ਪਰਮਿੰਦਰ ਸਿੰਘ ਭੰਗੂ ਅਤੇ ਹੋਰ ਆਗੂਆਂ ਸਮੇਤ ਪਿੰਡ ਠੀਕਰੀਵਾਲਾ ਵਿੱਚ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿੰਡ ਠੀਕਰੀਵਾਲਾ ਵਿਖੇ ਨਰਸਿੰਗ ਕਾਲਜ ਦਾ ਕੰਮ ਸਮੇਂ ਸਿਰ ਨੇਪਰੇ ਚਾੜ੍ਹਿਆ ਜਾਵੇਗਾ। ਇਸ ਸਬੰਧੀ ਕੁੱਝ ਕਮੀਆਂ ਹਨ ਉਨ੍ਹਾਂ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਜੋ ਭਾਈਚਾਰੇ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਹਨ ਉਹ ਹਮੇਸ਼ਾ ਅੱਗੇ ਵਧਦੇ ਹਨ ਅਤੇ ਪੰਜਾਬ ਨੂੰ ਆਪਣੇ ਸ਼ਹੀਦਾਂ ਤੋਂ ਅਸ਼ੀਰਵਾਦ ਪ੍ਰਾਪਤ ਹੋਣ ਦਾ ਵਿਲੱਖਣ ਮਾਨ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਸੇਵਾ ਸਿੰਘ ਠੀਕਰੀਵਾਲ ਜੀ ਨੇ ਆਮ ਲੋਕਾਂ ਦੇ ਹੱਕ ਦੀ ਲੜਾਈ ਲੜੀ ਅਤੇ ਪਰਜਾਪਤ ਮੰਡਲ ਦੇ ਨਾਇਕ ਬਣੇ।
ਮੰਤਰੀ ਹਰਪਾਲ ਸਿੰਘ ਚੀਮਾ, ਮੰਤਰੀ ਅਮਨ ਅਰੋੜਾ, ਮੈਂਬਰ ਸੰਸਦ ਗੁਰਮੀਤ ਸਿੰਘ ਮੀਤ ਹੇਅਰ ਅਤੇ ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ ਕੁਲਵੰਤ ਸਿੰਘ ਪੰਡੋਰੀ ਨੇ ਠੀਕਰੀਵਾਲ ਪਿੰਡ ਦੀਆਂ 12.99 ਕਿਲੋਮੀਟਰ ਸੜਕਾਂ ਨੂੰ 959.49 ਲੱਕ ਰੁਪਏ ਦੀ ਲਾਗਤ ਨਾਲ ਬਣਾਉਣ ਸਬੰਧੀ ਨੀਂਹ ਪੱਥਰ ਰੱਖਿਆ। ਠੀਕਰੀਵਾਲ ਤੋਂ ਸ਼ਮਸ਼ਾਨਘਾਟ ਤੱਕ 10 ਫੁੱਟ ਚੌੜੀ ਅਤੇ 0.25 ਕਿਲੋਮੀਟਰ ਲੰਬੀ ਸੜਕ 13 ਲੱਖ ਰੁਪਏ ਦੀ ਲਾਗਤ ਨਾਲ ਅਤੇ ਠੀਕਰੀਵਾਲ ਰਾਇਸਰ ਤੋਂ ਚੁਸ਼ਪਾ ਅਤੇ ਕੁਟੀਆ ਤੱਕ 2. 20 ਕਿਲੋਮੀਟਰ ਦੀ ਲਾਗਤ ਨਾਲ ਸੜਕ ਨਵੀਆਂ ਬਣਾਈਆਂ ਜਾਣਗੀਆਂ। ਇਸੇ ਤਰ੍ਹਾਂ ਨਾਈਵਾਲ ਤੋਂ ਠੀਕਰੀਵਾਲ 3.40 ਕਿਲੋਮੀਟਰ ਸੜਕ 10 ਫੁੱਟ ਤੋਂ 18 ਫੁੱਟ ਕਰਨ ਲਈ 340 ਲੱਖ ਰੁਪਏ ਖਰਚੇ ਜਾਣਗੇ। ਇਸੇ ਤਰ੍ਹਾਂ ਠੀਕਰੀਵਾਲਾ ਤੋਂ ਭੱਦਲਵੱਢ ਦੀ ਸੜਕ 3.74 ਕਿਲੋਮੀਟਰ 10 ਫੁੱਟ ਤੋਂ 18 ਫੁੱਟ ਚੌੜੀ ਕੀਤੀ ਜਾਣੀ ਹੈ ਜਿਸ ਉੱਤੇ ਲਾਗਤ 220.29 ਲੱਖ ਰੁਪਏ ਆਵੇਗੀ। ਠੀਕਰੀਵਾਲ ਤੋਂ ਚੁਹਾਣਕੇ ਖੁਰਦ (ਨਗਰ ਨਿਗਮ ਹੱਦ ਤੱਕ) 3.40 ਕਿਲੋਮੀਟਰ ਲੰਬੀ ਸੜਕ 272 ਲੱਖ ਰੁਪਏ ਦੀ ਲਾਗਤ ਨਾਲ ਚੌੜੀ ਕੀਤੀ ਜਾਵੇਗੀ।
ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੇ ਹਜ਼ਾਰਾਂ ਕਰੋੜਾਂ ਰੁਪਏ ਲਗਾ ਕੇ ਸੂਬੇ ਦਾ ਪਾਣੀ ਸੰਭਾਲਿਆ ਹੈ। ਪਿਛਲੇ 4 ਸਾਲਾਂ ‘ਚ ਇਕੱਲੇ ਬਰਨਾਲਾ ਨੂੰ 300 ਕਰੋੜ ਦੇ ਨਹਿਰੀ ਵਿਭਾਗ ਦੇ ਪ੍ਰੋਜੈਕਟ ਮਿਲੇ ਹਨ। ਇਸ ਤੋਂ ਇਲਾਵਾ 600 ਯੂਨਿਟ ਮੁਫ਼ਤ ਬਿਜਲੀ ਨਾਲ ਪਿੰਡਾਂ ‘ਚ 90 ਫੀਸਦੀ ਘਰਾਂ ਦਾ ਬਿੱਲ ਜ਼ੀਰੋ ਹੋ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਹੁਣ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਸਰਬੱਤ ਦਾ ਭਲਾ ਸਮਝਦੇ ਹੋਏ ਹਰ ਇੱਕ ਵਰਗ ਲਈ ਸ਼ੁਰੂ ਕੀਤਾ ਹੈ ਅਤੇ ਇਸ ਦੀ ਕੋਈ ਹੋਰ ਸ਼ਰਤ ਨਹੀਂ। ਪੰਜਾਬ ਸਰਕਾਰ ਲੋਕਾਂ ਦੀ ਆਰਥਿਕ ਲੁੱਟ ਰੋਕਣ ਲਈ 17 ਟੋਲ ਪਲਾਜ਼ਾ ਬੰਦ ਕਰਵਾਏ। ਇਮਾਨਦਾਰੀ ਨਾਲ ਚੱਲਣ ਵਾਲੀ ਸਰਕਾਰ ਨੇ ਆਪਣੇ ਖ਼ਜ਼ਾਨੇ ਆਮ ਲੋਕਾਂ ਲਈ ਖੁੱਲੇ ਰੱਖੇ ਹਨ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਬਰਨਾਲਾ ਨੂੰ 242 ਕਰੋੜ ਰੁਪਏ ਦੇ ਸੜਕਾਂ ਦੇ ਪ੍ਰੋਜੈਕਟ ਦਿੱਤੇ ਗਏ ਹਨ ਜਿਨਾਂ ਦਾ ਕੰਮ 31 ਮਾਰਚ ਤੱਕ ਮੁਕੰਮਲ ਹੋ ਜਾਵੇਗਾ। ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਨੀਕਰੀਵਾਲ ਵਾਸੀ ਉਸ ਧਰਤੀ ਦੇ ਵਾਰਿਸ ਹਨ, ਜਿੱਥੇ ਸੇਵਾ ਸਿੰਘ ਠੀਰੀਵਾਲਾ ਨੇ ਲੋਕਾਂ ਦੇ ਭਲੇ ਲਈ ਜੰਗ ਸ਼ੁਰੂ ਕੀਤੀ। ਉਨ੍ਹਾਂ ਨੇ ਦੁਨਿਆਵੀ ਆਰਾਮ ਛੱਡ ਕੇ ਦੇਸ਼ ਲਈ ਲੜਾਈ ਲੜੀ। ਉਨਾਂ ਨੇ ਵਿਸ਼ਵਾਸ ਦਵਾਇਆ ਕਿ ਪਿੰਡ ਠੀਕਰੀਵਾਲਾ ਨਾਲ ਸਬੰਧਤ ਸਾਰੇ ਕੰਮ ਜਲਦ ਹੀ ਨੇਪਰੇ ਚਾੜ੍ਹੇ ਜਾਣਗੇ। ਉਨਾਂ ਦੱਸਿਆ ਕਿ ਪਟਿਆਲਾ ਸ਼ਹਿਰ ਵਿੱਚ ਸਥਿਤ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਦੀ ਦਿਖ ਨੂੰ ਹੋਰ ਬਿਹਤਰ ਬਣਾਉਣ ਲਈ ਉੱਥੇ ਲੱਗੀਆਂ ਸੋਲਰ ਲਾਈਟਾਂ ਨੂੰ ਸਹੀ ਤਰੀਕੇ ਨਾਲ ਲਗਾਉਣ ਲਈ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ