ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਵਿਰੋਧੀ ਪਾਰਟੀਆਂ ਨੂੰ ਛੱਡ ਕਈ ਪਰਿਵਾਰ ਆਪ 'ਚ ਹੋਏ ਸ਼ਾਮਲ
ਮੋਹਾਲੀ, 19 ਦਸੰਬਰ (ਹਿੰ. ਸ.)। ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿੱਚੋਂ ਆਏ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਹਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦਾ ਮਾਣ ਸਤਿਕਾਰ ਹਰ ਹੀਲੇ ਬਰਕਰਾਰ ਰੱਖਿਆ ਜਾ
ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਵਿਰੋਧੀ ਪਾਰਟੀਆਂ ਨੂੰ ਛੱਡ ਕਈ ਪਰਿਵਾਰ ਆਪ 'ਚ ਸ਼ਾਮਲ ਹੁੰਦੇ ਹੋਏ.


ਮੋਹਾਲੀ, 19 ਦਸੰਬਰ (ਹਿੰ. ਸ.)। ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿੱਚੋਂ ਆਏ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਹਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦਾ ਮਾਣ ਸਤਿਕਾਰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ।

ਆਮ ਆਦਮੀ ਪਾਰਟੀ ਦੇ ਸੈਕਟਰ- 79 ਸਥਿਤ ਦਫਤਰ ਵਿਖੇ ਸ਼ਰਨਜੀਤ, ਬਲਾਕ ਪ੍ਰਧਾਨ ਅਤੇ ਕੁਲਦੀਪ ਕੌਰ ਦੀ ਅਗਵਾਈ ਵਿੱਚ ਕਾਂਗਰਸ ਅਤੇ ਹੋਰ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੀਆਂ ਲਾਰੇ-ਲੱਪੇ ਵਾਲੀ ਰਾਜਨੀਤੀ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਇਮਾਨਦਾਰ ਕੰਮਾਂ 'ਤੇ ਮੋਹਰ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ, ਉਸ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਕੋਈ ਅਜਿਹੀ ਸਰਕਾਰ ਆਈ ਹੈ ਜੋ ਆਮ ਲੋਕਾਂ ਦੇ ਦਰਦ ਨੂੰ ਸਮਝਦੀ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਮੌਕੇ 'ਤੇ ਹੱਲ ਕਰ ਰਹੀ ਹੈ।

ਆਪਣੇ ਸੰਬੋਧਨ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਲੋਕ ਬਿਜਲੀ ਦੇ ਭਾਰੀ ਬਿੱਲਾਂ ਕਾਰਨ ਪ੍ਰੇਸ਼ਾਨ ਰਹਿੰਦੇ ਸਨ, ਪਰ ਅੱਜ ਪੰਜਾਬ ਦੇ 90 ਫੀਸਦੀ ਤੋਂ ਵੱਧ ਘਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ, ਜਿਸ ਨਾਲ ਹਰ ਗਰੀਬ ਅਤੇ ਮੱਧ ਵਰਗੀ ਪਰਿਵਾਰ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇ ਹਨ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫ਼ਾਰਸ਼ ਜਾਂ ਰਿਸ਼ਵਤ ਦੇ, ਕੇਵਲ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।

ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪੰਜਾਬ ਭਰ ਵਿੱਚ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਸਦਕਾ ਹੁਣ ਲੋਕਾਂ ਨੂੰ ਆਪਣੇ ਇਲਾਜ ਲਈ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ, ਸਗੋਂ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮੁਫ਼ਤ ਟੈਸਟ ਅਤੇ ਦਵਾਈਆਂ ਦੀ ਸਹੂਲਤ ਮਿਲ ਰਹੀ ਹੈ। ਪੂਰੇ ਪੰਜਾਬ ਵਿੱਚ 3200 ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਮੋਹਾਲੀ ਵਿੱਚ ਹੀ 32 ਸਟੇਡੀਅਮ ਬਣਾਏ ਜਾ ਰਹੇ ਹਨ ਜਿਸ ਦੀ ਉਸਾਰੀ ਚੱਲ ਰਹੀ ਹੈ ਅਤੇ ਦੋ ਤਿੰਨ ਮਹੀਨਿਆਂ ਦੇ ਵਿੱਚ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਣਗੇ ਅਤੇ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ ਸ਼ਾਇਦ ਹੀ ਕਿਸੇ ਸਰਕਾਰ ਨੇ ਅੱਜ ਤੱਕ ਇਨ੍ਹਾਂ ਵੱਡਾ ਉਪਰਾਲਾ ਕੀਤਾ ਹੋਵੇ ਕਿ ਨੌਜਵਾਨਾਂ ਦੀ ਖੇਡ ਰੁਚੀ ਨੂੰ ਦੇਖਦਿਆਂ ਇੰਨੇ ਵੱਡੇ ਸਟੇਡੀਅਮ ਅਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਸਟੇਡੀਅਮ ਬਣਾਏ ਗਏ ਹੋਣ। ਸੈਕਟਰ 77, 78,79 ਵਿੱਚ 4 ਲਾਈਬ੍ਰੇਰੀਆਂ ਦੀ ਉਸਾਰੀ ਵੀ ਚੱਲ ਰਹੀ ਹੈ ਜੋ ਕਿ 6 ਮਹੀਨਿਆਂ ਦੇ ਅੰਦਰ - ਅੰਦਰ ਬਣ ਕੇ ਤਿਆਰ ਹੋ ਜਾਣਗੀਆਂ ਅਤੇ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ 65 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਦਿੱਤੀ ਗਈ ਹੈ ਜਿਸ ਵਿੱਚ ਹਰ ਇੱਕ ਪਰਿਵਾਰ ਨੂੰ 10-10 ਲੱਖ ਰੁਪਏ ਦਾ ਬੀਮਾ ਮੁਹਈਆ ਕਰਵਾਇਆ ਗਿਆ ਹੈ ਤਾਂ ਕਿ ਉਹ ਆਪਣਾ ਇਲਾਜ ਕਰਵਾ ਸਕਣ ਅਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਵਾਅਦਾ ਅਧੂਰਾ ਰਹਿ ਗਿਆ ਹੋਵੇ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰਾ ਨਾ ਕੀਤਾ ਹੋਵੇ ਅਤੇ ਜੋ ਮਹਿਲਾਵਾਂ ਨੂੰ 1100 ਰੁਪਏ ਮਹੀਨਾ ਦੇਣ ਦੀ ਗੱਲ ਹੈ ਉਹ ਵੀ ਅਪ੍ਰੈਲ ਦੇ ਵਿੱਚ ਲਾਗੂ ਕਰ ਦਿੱਤਾ ਜਾਵੇਗਾ।

ਵਿਧਾਇਕ ਨੇ ਵਿਰੋਧੀ ਪਾਰਟੀਆਂ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਜੋ ਲੋਕ ਅੱਜ ਸਰਕਾਰ 'ਤੇ ਸਵਾਲ ਚੁੱਕ ਰਹੇ ਹਨ, ਉਨ੍ਹਾਂ ਨੇ ਆਪਣੇ ਦਹਾਕਿਆਂ ਦੇ ਰਾਜ ਦੌਰਾਨ ਪੰਜਾਬ ਨੂੰ ਸਿਰਫ਼ ਲੁੱਟਿਆ ਅਤੇ ਕਰਜ਼ੇ ਦੀ ਪੰਡ ਹੇਠ ਦਬਾਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿੱਖਿਆ ਦੇ ਖੇਤਰ ਵਿੱਚ ਵੀ ਇਨਕਲਾਬੀ ਕਦਮ ਚੁੱਕੇ ਹਨ ਅਤੇ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਬਣਾਇਆ ਜਾ ਰਿਹਾ ਹੈ ਤਾਂ ਜੋ ਗਰੀਬ ਦਾ ਬੱਚਾ ਵੀ ਉੱਚੀ ਸਿੱਖਿਆ ਪ੍ਰਾਪਤ ਕਰ ਸਕੇ। ਸ਼ਾਮਲ ਹੋਣ ਵਾਲੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਮੋਹਾਲੀ ਦੇ ਵਿਕਾਸ ਕਾਰਜਾਂ ਵਿੱਚ ਉਨ੍ਹਾਂ ਦੀ ਰਾਏ ਨੂੰ ਪੂਰੀ ਅਹਿਮੀਅਤ ਦਿੱਤੀ ਜਾਵੇਗੀ। ਇਸ ਮੌਕੇ ਨਵੇਂ ਸ਼ਾਮਲ ਹੋਏ ਸਾਥੀਆਂ ਨੇ ਵੀ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਦੀ ਸ਼ਲਾਘਾ ਕੀਤੀ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਅਹਿਦ ਲਿਆ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande