
ਡੇਰਾਬੱਸੀ (ਐਸ.ਏ.ਐਸ. ਨਗਰ), 19 ਜਨਵਰੀ (ਹਿੰ. ਸ.)। ਭਾਂਖਰਪੁਰ ਨੇੜੇ ਘੱਗਰ ਦਰਿਆ ਵਿੱਚ ਖਣਨ ਸਬੰਧੀ ਆ ਰਹੀਆਂ ਮੀਡੀਆ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਸਪਸ਼ਟ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਕਤ ਸਥਾਨ ’ਤੇ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਮਾਈਨਿੰਗ ਨਾ ਹੋਣ ਦਿੱਤੀ ਜਾਵੇ।
ਇਸ ਸਬੰਧ ਵਿੱਚ ਵਿਧਾਇਕ ਨੇ ਭਾਂਖਰਪੁਰ ਪਿੰਡ ਦੀ ਪੰਚਾਇਤ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਡੇਰਾਬੱਸੀ ਹਲਕੇ ਵਿੱਚ ਪਾਰਦਰਸ਼ੀ ਅਤੇ ਜ਼ਿੰਮੇਵਾਰ ਸ਼ਾਸਨ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਕਿਸੇ ਵੀ ਕਿਸਮ ਦੀ ਗੈਰ-ਕਾਨੂੰਨੀ ਸਰਗਰਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਵਿਧਾਇਕ ਨੇ ਮਾਈਨਿੰਗ ਵਿਭਾਗ ਦੇ ਐਸ.ਡੀ.ਓ. ਰਮਨਜੋਤ ਨੂੰ ਹਦਾਇਤ ਕੀਤੀ ਕਿ ਮੌਕੇ ’ਤੇ ਚੱਲ ਰਹੇ ਕੰਮ ਬਾਰੇ ਵਿਸਥਾਰਪੂਰਕ ਰਿਪੋਰਟ ਪੇਸ਼ ਕੀਤੀ ਜਾਵੇ ਅਤੇ ਇਹ ਸਪਸ਼ਟ ਕੀਤਾ ਜਾਵੇ ਕਿ ਇਹ ਮਾਈਨਿੰਗ ਹੈ ਜਾਂ ਸਿਰਫ਼ ਡੀ-ਸਿਲਟਿੰਗ। ਉਨ੍ਹਾਂ ਸਾਫ਼ ਕੀਤਾ ਕਿ ਦਰਿਆ ਦੇ ਕੁਦਰਤੀ ਰੁਖ ਨੂੰ ਬਰਕਰਾਰ ਰੱਖਣ ਅਤੇ ਮਾਨਸੂਨ ਦੌਰਾਨ ਨੇੜਲੇ ਪਿੰਡਾਂ ਨੂੰ ਹੜ੍ਹ ਤੋਂ ਬਚਾਉਣ ਲਈ ਸਿਰਫ਼ ਡੀ-ਸਿਲਟਿੰਗ ਦੀ ਹੀ ਇਜਾਜ਼ਤ ਹੋਵੇਗੀ।
ਰੰਧਾਵਾ ਨੇ ਦੱਸਿਆ ਕਿ ਪਿਛਲੇ ਮਾਨਸੂਨ ਦੌਰਾਨ ਭਾਂਖਰਪੁਰ ਨੇੜੇ ਘੱਗਰ ਦਰਿਆ ਦਾ ਪਾਣੀ ਅਚਾਨਕ ਵਧ ਗਿਆ ਸੀ, ਜਿਸ ਨਾਲ ਨੇੜਲੇ ਇਲਾਕਿਆਂ ਨੂੰ ਖ਼ਤਰਾ ਪੈਦਾ ਹੋ ਗਿਆ ਸੀ। ਇਸ ਦੇ ਮੱਦੇਨਜ਼ਰ ਅਗਲੇ ਮਾਨਸੂਨ ਤੋਂ ਪਹਿਲਾਂ ਡੀ-ਸਿਲਟਿੰਗ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ ਤਾਂ ਜੋ ਹੜ੍ਹ ਦੇ ਖਤਰੇ ਨੂੰ ਘਟਾਇਆ ਜਾ ਸਕੇ।
ਉਨ੍ਹਾਂ ਪੰਚਾਇਤ ਨੂੰ ਵੀ ਸਚੇਤ ਰਹਿਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਜੇਕਰ ਡੀ-ਸਿਲਟਿੰਗ ਤੋਂ ਇਲਾਵਾ ਕੋਈ ਵੀ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ