
ਜਲੰਧਰ , 19 ਜਨਵਰੀ (ਹਿੰ.ਸ.)|
ਵਧੀਕ ਮੁੱਖ ਸਕੱਤਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਰਹਿਨੁਮਾਈ ਹੇਠ ਬਾਲ ਭਿਖਿਆ ਰੋਕਣ ਲਈ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਵੱਲੋਂ ਬੱਸ ਸਟੈਂਡ, ਪਿਮਸ, ਚੁਨਮੁਨ ਮਾਲ ਅਤੇ ਗੀਤਾ ਮੰਦਰ ਮਾਡਲ ਟਾਊਨ ਨੇੜਲੇ ਇਲਾਕਿਆਂ ਸਮੇਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਛਾਪੇਮਾਰੀ ਕੀਤੀ ਗਈ।ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਬਾਲ ਸੁਰੱਖਿਆ ਅਫ਼ਸਰ ਜਲੰਧਰ ਅਤੇ ਹੋਰ ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਇਸ ਦੌਰਾਨ ਟੀਮ ਨੇ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਬੱਚਿਆਂ ਦੇ ਅਧਿਕਾਰਾਂ, ਸਿੱਖਿਆ ਦੀ ਮਹੱਤਤਾ ਅਤੇ ਬੱਚਿਆਂ ਨਾਲ ਹੋ ਰਹੇ ਅਪਰਾਧਾਂ ਬਾਰੇ ਵੀ ਜਾਗਰੂਕ ਕੀਤਾ। ਜਿਲ੍ਹਾ ਟੀਮ ਵਲੋਂ ਲੋਕਾਂ ਨੂੰ ਬਾਲ ਮਜ਼ਦੂਰੀ, ਬਾਲ ਭਿਖਿਆ, ਬੱਚਿਆਂ ਨਾਲ ਛੇੜਛਾੜ ਅਤੇ ਜਿਨਸੀ ਸ਼ੋਸ਼ਣ ਵਰਗੀਆਂ ਬੁਰਾਈਆਂ ਬਾਰੇ ਵੀ ਜਾਗਰੂਕ ਕੀਤਾ। ਇਹ ਵੀ ਦੱਸਿਆ ਕਿ ਜੇ ਕਿਸੇ ਨੂੰ ਬਾਲ ਭਿਖਿਆ, ਕਿਸੇ ਵੀ ਮੁਸੀਬਤ ਵਿੱਚ ਫਸੇ ਬੱਚੇ ਬਾਰੇ ਜਾਣਕਾਰੀ ਮਿਲੇ, ਤਾਂ ਤੁਰੰਤ ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਸੂਚਨਾ ਦਿੱਤੀ ਜਾ ਸਕਦੀ ਹੈ ਜਾਂ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਾਂਧੀ ਵਨੀਤਾ ਆਸ਼ਰਮ ਵਿਖੇ ਤਾਲਮੇਲ ਕੀਤਾ ਜਾ ਸਕਦਾ ਹੈ।
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ