
ਫਰੀਦਕੋਟ, 19 ਜਨਵਰੀ (ਹਿੰ. ਸ.)। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਦੁੱਧ ਵਿੱਚ ਵੱਧ ਰਹੀ ਮਿਲਾਵਟ ਨੂੰ ਰੋਕਣ ਅਤੇ ਇਸ ਗੰਭੀਰ ਸਮੱਸਿਆ ਦਾ ਠੋਸ ਅਤੇ ਯੋਗ ਹੱਲ ਲੱਭਣ ਲਈ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਤੋਂ ਇਲਾਵਾ ਵੱਖ ਵੱਖ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸਪੀਕਰ ਸੰਧਵਾਂ ਨੇ ਕਿਹਾ ਕਿ ਦੁੱਧ ਲੋਕਾਂ ਦੀ ਰੋਜ਼ਾਨਾ ਖੁਰਾਕ ਦਾ ਅਹਿਮ ਹਿੱਸਾ ਹੈ ਅਤੇ ਇਸ ਵਿੱਚ ਮਿਲਾਵਟ ਸਿੱਧੇ ਤੌਰ ’ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ, ਜਿਸਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੁੱਧ ਅਤੇ ਦੁੱਧ ਤੋਂ ਬਣੀਆਂ ਖਾਣ-ਪੀਣ ਵਾਲੀਆਂ ਚੀਜਾਂ ਵਿੱਚ ਮਿਲਾਵਟਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਜ਼ੋਰ ਦਿੱਤਾ ਕਿ ਮਿਲਾਵਟ ਕਰਨ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ।
ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਇਸ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਦੁੱਧ ਦੀ ਜਾਂਚ ਦੇ ਸਮੇਂ ਸਮੇਂ ਤੇ ਕੈਂਪ ਲਗਾਏ ਜਾਣ ਅਤੇ ਇਸ ਸਬੰਧੀ ਪਹਿਲਾਂ ਤੋਂ ਸਡਿਊਲ ਤਿਆਰ ਕੀਤਾ ਜਾਵੇ ਅਤੇ ਜਿੱਥੇ ਦੁੱਧ ਪਰਖ ਦਾ ਕੈਂਪ ਲਗਾਇਆ ਜਾਣਾ ਹੈ ਸਬੰਧੀ ਲੋਕਾਂ ਨੂੰ ਸ਼ੋਸਲ ਮੀਡੀਆ/ਪ੍ਰੈਸ ਰਾਹੀਂ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਡੇਅਰੀ ਮਾਲਕਾਂ, ਦੋਧੀਆਂ, ਹਲਵਾਈਆਂ, ਦੁਕਾਨਦਾਰਾਂ, ਹੋਟਲ ਐਸੋਸੀਏਸ਼ਨ ਦੇ ਨੁੰਮਾਇੰਦਿਆਂ, ਢਾਬਾ ਮਾਲਕਾ ਆਦਿ ਨਾਲ ਪਹਿਲਾਂ ਮੀਟਿੰਗ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਸ ਸਬੰਧੀ ਜਾਗੂਰਕ ਕੀਤਾ ਜਾਵੇ ਕਿ ਕੋਈ ਵੀ ਮਿਲਾਵਟੀ ਦੁੱਧ ਜਾਂ ਉਸ ਤੋਂ ਬਣੀਆਂ ਚੀਜਾਂ ਨਾ ਵੇਚੇ।
ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਦੁੱਧ ਇਕੱਠਾ ਕਰਨ ਵਾਲੇ ਕੇਂਦਰਾਂ, ਡੇਅਰੀਆਂ, ਵਾਹਨਾਂ ਅਤੇ ਵਿਕਰੀ ਸਥਾਨਾਂ ’ਤੇ ਅਚਨਚੇਤੀ ਚੈਕਿੰਗਾਂ ਵਧਾਈਆਂ ਜਾਣ ਅਤੇ ਚੈਕਿੰਗ ਦੌਰਾਨ ਸਮਾਜਿਕ ਸੰਸਥਾਵਾਂ ਦੇ ਨੁੰਮਾਇਦਿਆਂ ਅਤੇ ਸਬੰਧਤ ਐਸ.ਐਮ.ਓ ਨੂੰ ਨਾਲ ਰੱਖਿਆ ਜਾਵੇ ਅਤੇ ਇਹ ਚੈਕਿੰਗਾਂ ਮੀਟਿੰਗ ਕਰਨ ਤੋਂ 1 ਮਹੀਨੇ ਬਾਅਦ ਵਿੱਚ ਸ਼ੁਰੂ ਕੀਤੀਆਂ ਜਾਣ।ਸਪੀਕਰ ਸੰਧਵਾਂ ਨੇ ਕਿਹਾ ਕਿ ਖੁਰਾਕ ਸੁਰੱਖਿਆ, ਡੇਅਰੀ ਵਿਕਾਸ ਅਤੇ ਸਿਹਤ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਤਾਂ ਜੋ ਦੁੱਧ ਦੀ ਸਪਲਾਈ ਚੇਨ ’ਤੇ ਪੂਰੀ ਨਿਗਰਾਨੀ ਰੱਖੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਖ਼ਾਸ ਮੁਹਿੰਮਾਂ ਚਲਾਈਆਂ ਜਾਣਗੀਆਂ, ਤਾਂ ਜੋ ਆਮ ਲੋਕ ਵੀ ਮਿਲਾਵਟ ਦੀ ਪਛਾਣ ਕਰ ਸਕਣ ਅਤੇ ਸ਼ਿਕਾਇਤਾਂ ਦਰਜ ਕਰਵਾ ਸਕਣ। ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਸਪੀਕਰ ਸੰਧਵਾਂ ਨੂੰ ਯਕੀਨ ਦਵਾਇਆ ਕਿ ਜਿਲ੍ਹੇ ਵਿੱਚ ਮਿਲਾਵਟਖੋਰੀ ਖਿਲਾਫ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਅਤੇ ਮਿਲਾਵਟਖੋਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ