
ਫਾਜਿ਼ਲਕਾ 02 ਜਨਵਰੀ (ਹਿੰ. ਸ.)। ਫਾਜਿ਼ਲਕਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 26 ਜਨਵਰੀ ਨੂੰ ਗਣਤੰਤਰ ਦਿਵਸ ਕੌਮੀ ਜਜ਼ਬੇ ਅਤੇ ਦੇਸ਼ ਭਗਤੀ ਨਾਲ ਮਨਾਇਆ ਜਾਵੇਗਾ। ਇਸ ਸਮਾਗਮ ਸਬੰਧੀ ਅਗੇਤੇ ਪ੍ਰਬੰਧ ਕਰਨ ਹਿੱਤ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈ.ਏ.ਐੱਸ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਬੈਠਕ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਭਾਸ਼ ਚੰਦਰ, ਐੱਸ.ਡੀ.ਐੱਮ ਫਾਜ਼ਿਲਕਾ ਵੀਰਪਾਲ ਕੌਰ ਤੇ ਸਹਾਇਕ ਕਮਿਸ਼ਨਰ ਅਮਨਦੀਪ ਸਿੰਘ ਮਾਵੀ ਵੀ ਹਾਜ਼ਰ ਸਨ।
ਬੈਠਕ ਦੌਰਾਨ ਉਨ੍ਹਾਂ ਨੇ ਕਿਹਾ ਕਿ ਗਣਤੰਤਰ ਦਿਵਸ ਪੂਰੀ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਲਈ ਸਾਰੇ ਵਿਭਾਗ ਹੁਣ ਤੋਂ ਹੀ ਤਿਆਰੀਆਂ ਆਰੰਭ ਕਰ ਦੇਣ। ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਨੂੰ ਪਾਰਕਿੰਗ ਵਿਵਸਥਾ ਕਰਨ ਦੇ ਨਾਲ ਨਾਲ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧ ਕਰਨ ਲਈ ਕਿਹਾ, ਸਿਹਤ ਵਿਭਾਗ ਨੂੰ ਮੈਡੀਕਲ ਟੀਮਾਂ ਦੀ ਤਾਇਨਾਤੀ ਤੇ ਦਵਾਈਆਂ ਆਦਿ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਪੀਡਬਲਯੂਡੀ ਨੂੰ ਬੈਰੀਕੇਟਿੰਗ ਤੇ ਸੜਕ ਦੀ ਰਿਪੇਅਰ, ਨਗਰ ਕੌਂਸਲ ਨੂੰ ਸਾਫ ਸਫਾਈ, ਬਿਜਲੀ ਵਿਭਾਗ ਨੂੰ ਨਿਰਵਿਘਨ ਬਿਜਲੀ ਸਪਲਾਈ ਤੇ ਜਨਰੇਟਰ, ਸਿੱਖਿਆ ਵਿਭਾਗ ਨੂੰ ਸੱਭਿਆਚਾਰਕ ਪ੍ਰੋਗਰਾਮ, ਜ਼ਿਲ੍ਹਾ ਪ੍ਰੋਗਰਾਮ ਤੇ ਬਾਗਬਾਨੀ ਵਿਭਾਗ ਆਪਣੀ ਤਾਲਮੇਲ ਕਰਕੇ ਰੰਗੋਲੀ ਤੇ ਹੋਰਨਾਂ ਵਿਭਾਗੀ ਅਧਿਕਾਰੀਆਂ ਨੂੰ ਸਮਾਗਮ ਵਾਲੇ ਥਾਂ ਤੇ ਫਾਇਰ ਬ੍ਰਿਗੇਡ, ਪੀਣ ਵਾਲਾ ਸਾਫ ਪਾਣੀ, ਰਿਫਰੈਸਮੈਂਟ ਆਦਿ ਪ੍ਰਬੰਧ ਪੁਖਤਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਵਿਭਾਗਾਂ ਨੂੰ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਸਬੰਧੀ ਝਾਂਕੀਆਂ ਤਿਆਰ ਕਰਨ ਲਈ ਵੀ ਕਿਹਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਿਆਰੀਆਂ ਵਿਚ ਕੋਈ ਕੁਤਾਹੀ ਨਾ ਰਹੇ ਅਤੇ ਸਟੇਡੀਅਮ ਵਿਖੇ ਸਫਾਈ ਦੇ ਨਾਲ ਨਾਲ ਹੋਰ ਸਾਰੇ ਪ੍ਰਬੰਧ ਸਮਾਂ ਰਹਿੰਦੇ ਮੁਕੰਮਲ ਕਰ ਲਏ ਜਾਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ