
ਮੂਣਕ, 03 ਜਨਵਰੀ (ਹਿੰ. ਸ.)। ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਸ਼ਹਿਰ ਮੂਣਕ ਵਿੱਚ 149 ਲਾਭਪਾਤਰੀਆਂ ਨੂੰ ਪੱਕੇ ਘਰ ਬਨਾਉਣ ਲਈ 3 ਕਰੋੜ 72 ਲੱਖ 50 ਹਜ਼ਾਰ ਰੁਪਏ ਦੇ ਚੈੱਕ ਵੰਡੇ। ਸਮਾਗਮ ਦੌਰਾਨ ਹਰੇਕ ਲਾਭਪਾਤਰੀ ਨੂੰ 2.50 ਲੱਖ ਰੁਪਏ ਦੀ ਗ੍ਰਾਂਟ ਪ੍ਰਦਾਨ ਕੀਤੀ ਗਈ।
ਚੈੱਕ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ, “ਆਪ ਸਭ ਨੂੰ ਅੱਜ ਦੇ ਇਸ ਖੁਸ਼ੀ ਵਾਲੇ ਮੌਕੇ ਤੇ ਬਹੁਤ ਬਹੁਤ ਮੁਬਾਰਕਬਾਦ ਹੈ ਕਿ ਅੱਜ ਤੁਹਾਡੇ ਹੱਥਾਂ ਵਿੱਚ ਆ ਰਹੀ ਇਹ ਰਾਸ਼ੀ ਨਾਲ ਤੁਸੀਂ ਆਪਣੇ ਸੁਪਨਿਆਂ ਦਾ ਪੱਕਾ ਘਰ ਬਣਾ ਸਕੋਗੇ। ਲੋਕਾਂ ਨੂੰ ਛੱਤ ਮੁਹੱਈਆ ਕਰਵਾਉਣਾ ਹਰ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਅਤੇ ਪੰਜਾਬ ਸਰਕਾਰ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ।”
ਉਨ੍ਹਾਂ ਅੱਗੇ ਕਿਹਾ, “ਇਹ ਪੈਸਾ ਤੁਹਾਡਾ ਹੀ ਪੈਸਾ ਹੈ, ਜੋ ਟੈਕਸਾਂ ਰਾਹੀਂ ਇਕੱਠਾ ਹੁੰਦਾ ਹੈ ਅਤੇ ਅੱਜ ਅਸੀਂ ਉਸੇ ਪੈਸੇ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਸਿੱਧਾ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਪਹਿਲਾਂ ਇੱਕ ਘਰ ਲਈ ਸਿਰਫ਼ ਡੇਢ ਲੱਖ ਰੁਪਏ ਮਿਲਦੇ ਸਨ, ਪਰ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇਸ ਰਾਸ਼ੀ ਨੂੰ ਵਧਾ ਕੇ 2.50 ਲੱਖ ਰੁਪਏ ਕਰ ਦਿੱਤਾ ਹੈ ਤਾਂ ਜੋ ਮਹਿੰਗਾਈ ਦੇ ਇਸ ਦੌਰ ਵਿੱਚ ਵੀ ਤੁਹਾਨੂੰ ਪੱਕਾ ਅਤੇ ਮਜ਼ਬੂਤ ਘਰ ਬਣ ਸਕੇ।”
ਕੈਬਨਿਟ ਮੰਤਰੀ ਨੇ ਭਰੋਸਾ ਦਿਵਾਉਂਦਿਆਂ ਕਿਹਾ, “ਅਸੀਂ ਰਾਜਨੀਤੀ ਨਹੀਂ, ਸਗੋਂ ਲੋਕਾਂ ਦੀ ਸੇਵਾ ਕਰਨ ਆਏ ਹਾਂ। ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਚੋਣਾਂ ਵਿੱਚ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਚਾਹੇ ਮੁਫ਼ਤ ਬਿਜਲੀ ਹੋਵੇ, ਮੁਹੱਲਾ ਕਲੀਨਿਕ ਹੋਣ ਜਾਂ ਘਰ-ਘਰ ਨੌਕਰੀ, ਸਾਡੀ ਸਰਕਾਰ ਵਾਅਦੇ ਨਿਭਾਉਣ ਵਿੱਚ ਵਿਸ਼ਵਾਸ ਰੱਖਦੀ ਹੈ। ਅੱਜ ਇਹ ਘਰਾਂ ਦੀ ਗ੍ਰਾਂਟ ਵੀ ਉਸੇ ਵਿਸ਼ਵਾਸ ਦਾ ਹਿੱਸਾ ਹੈ।”
ਉਨ੍ਹਾਂ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਸ਼ੀ ਦਾ ਸਹੀ ਢੰਗ ਨਾਲ ਇਸਤੇਮਾਲ ਕਰਨ ਅਤੇ ਜਲਦੀ ਤੋਂ ਜਲਦੀ ਆਪਣੇ ਘਰਾਂ ਦਾ ਨਿਰਮਾਣ ਸ਼ੁਰੂ ਕਰਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਖੜ੍ਹੀ ਹੈ ਅਤੇ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲਾਭਪਾਤਰੀ, ਆਮ ਲੋਕ, ਪੰਚਾਇਤ ਮੈਂਬਰ ਅਤੇ ਪਾਰਟੀ ਵਰਕਰ ਹਾਜ਼ਰ ਸਨ। ਸਾਰੇ ਲਾਭਪਾਤਰੀਆਂ ਨੇ ਸਰਕਾਰ ਅਤੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ