
ਬਟਾਲਾ, 03 ਜਨਵਰੀ (ਹਿੰ. ਸ.)। ਭੁਪਾਲ (ਮੱਧ ਪ੍ਰਦੇਸ਼) ਵਿਖੇ 11 ਦਸੰਬਰ 2025 ਤੋਂ 02 ਜਨਵਰੀ 2026 ਤੱਕ ਕਰਵਾਈ ਗਈ 68ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ 2025-26 ਵਿੱਚ ਸਕੂਲ ਆਫ ਐਮੀਨੈਂਸ, ਬਟਾਲਾ ਦੀ 10 +1 ਸ਼੍ਰੇਣੀ ਦੀ ਵਿਦਿਆਰਥਣ ਜਸਕੀਰਤ ਕੌਰ ਸੋਹਲ ਨੇ 10 ਮੀਟਰ ਰਾਈਫ਼ਲ ਸਬ ਯੂਥ ਵੂਮੈਨ(ਆਈ ਐਸ ਐਸ ਐਫ) ਇੰਡਿਵਿਜੂਅਲ ਸ਼੍ਰੇਣੀ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਸ਼ੂਟਿੰਗ ਟੀਮ ਟ੍ਰਾਇਲ ਲਈ ਆਪਣੀ ਚੋਣ ਯਕੀਨੀ ਬਣਾਈ ਹੈ।
ਭਾਰਤੀ ਸ਼ੂਟਿੰਗ ਟੀਮ ਟਰਾਇਲ ਜਨਵਰੀ 2026 ਮਹੀਨੇ ਦੌਰਾਨ ਹੀ ਪੁਣੇ (ਮਹਾਰਾਸ਼ਟਰ) ਵਿਖੇ ਕਰਵਾਏ ਜਾਣਗੇ । ਸ਼ੂਟਿੰਗ ਦੀ ਹੋਣਹਾਰ ਖਿਡਾਰਨ ਜਸਕੀਰਤ ਕੌਰ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਅਤੇ ਪ੍ਰਾਪਤੀ ਨੇ ਸਕੂਲ ਆਫ ਐਮੀਨਸ ਬਟਾਲਾ ਦੇ ਨਾਲ ਆਪਣੇ ਮਾਤਾ ਪਿਤਾ, ਬਟਾਲਾ ਇਲਾਕੇ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰਾਸ਼ਟਰੀ ਪੱਧਰ ਤੇ ਰੌਸ਼ਨ ਕੀਤਾ ਹੈ।
ਸਕੂਲ ਆਫ਼ ਐਮੀਨੈਂਸ, ਬਟਾਲਾ ਦੇ ਪ੍ਰਿੰਸੀਪਲ ਸੁਨੀਤਾ ਸ਼ਰਮਾ, ਸਹਿਯੋਗੀ ਅਧਿਆਪਕਾਂ ਸਟਾਫ ਮੈਂਬਰਾਂ ਅਤੇ ਸਹਿਯੋਗੀ ਵਿਦਿਆਰਥੀਆਂ ਵੱਲੋਂ ਜਸਕੀਰਤ ਕੌਰ ਅਤੇ ਉਸ ਦੇ ਮਾਤਾ ਪਿਤਾ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਹੈ ਕਿ ਜਸਕੀਰਤ ਕੌਰ ਨੇ ਆਪਣੇ ਹੁਨਰ, ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ ਅਤੇ ਆਪਣੇ ਪਿਤਾ ਅਤੇ ਕੋਚ ਸਰਦਾਰ ਗੁਰਦੇਵ ਸਿੰਘ ਦੀ ਰਹਿਨੁਮਾਈ ਹੇਠ ਸ਼ੇਰੇ ਪੰਜਾਬ ਸ਼ੂਟਿੰਗ ਅਕੈਡਮੀ, ਬਟਾਲਾ ਵੱਲੋਂ ਦਿੱਤੀ ਜਾ ਰਹੀ ਸਿਖਲਾਈ ਅਤੇ ਬੁਲੰਦ ਹੌਸਲੇ ਨੇ ਉਸ ਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਇਸ ਕਾਮਯਾਬੀ ਨਾਲ ਜਸਕੀਰਤ ਕੌਰ ਸੋਹਲ ਨੂੰ ਜਿੱਥੇ ਭਾਰਤੀ ਸ਼ੂਟਿੰਗ ਟੀਮ ਲਈ ਟਰਾਇਲ ਵਿੱਚ ਹਿੱਸਾ ਲੈਣ ਦਾ ਮੌਕਾ ਮਿਲ਼ਿਆ ਹੈ ਉੱਥੇ ਹੀ ਭਵਿੱਖ ਵਿੱਚ ਸ਼ੂਟਿੰਗ ਖੇਡ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਆਪਣੇ ਆਪ ਨੂੰ ਤਿਆਰ ਕਰਨ ਦਾ ਬਿਹਤਰੀਨ ਮੌਕਾ ਮਿਲੇਗਾ।
ਇਸ ਮੌਕੇ ਜਸਕੀਰਤ ਕੌਰ ਸੋਹਲ ਨੇ ਆਪਣੀ ਇਸ ਸਫਲਤਾ ਲਈ ਸਕੂਲ ਦੇ ਪ੍ਰਿੰਸੀਪਲ, ਸਮੂਹ ਸਟਾਫ ਮੈਂਬਰਾਂ, ਆਪਣੇ ਕੋਚ ਅਤੇ ਸਤਿਕਾਰਯੋਗ ਪਿਤਾ ਸਰਦਾਰ ਜਗਦੇਵ ਸਿੰਘ ਅਤੇ ਪਰਿਵਾਰਿਕ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਭਵਿੱਖ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਸ਼ੂਟਿੰਗ ਮੁਕਾਬਲੇ ਵਿੱਚ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨਾ ਚਾਹੁੰਦੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ