
ਤਰਨਤਾਰਨ, 04 ਜਨਵਰੀ (ਹਿੰ. ਸ.)। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 5 ਜਨਵਰੀ 2026 ਨੂੰ ਜ਼ਿਲ੍ਹਾ ਤਰਨ ਤਾਰਨ ਦੀਆਂ 4 ਗਰਾਂਮ ਪੰਚਾਇਤਾਂ ਕਾਜ਼ੀ ਕੋਟ, ਕੱਕਾ ਕੰਡਿਆਲਾ, ਪੰਡੋਰੀ ਗੋਲਾ ਅਤੇ ਮਾੜੀ ਕੰਬੋਕੇ ਵਿਖੇ ਪੰਚਾਇਤੀ ਚੋਣਾਂ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਇਸ ਦੇ ਨਾਲ ਹੀ 5 ਜਨਵਰੀ ਤੋਂ ਇਨ੍ਹਾਂ ਪੰਚਾਇਤਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅਮਲ ਸ਼ੁਰੂ ਹੋ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਤਰਨਤਾਰਨ ਰਾਹੁਲ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੀਆਂ 4 ਗਰਾਂਮ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਜਿਸ ਸਬੰਧੀ 5 ਜਨਵਰੀ 2026 ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਚੋਣ ਬਲਾਕ ਤਰਨ ਤਾਰਨ ਦੀਆਂ ਤਿੰਨ ਗਰਾਂਮ ਪੰਚਾਇਤਾਂ ਕਾਜ਼ੀ ਕੋਟ, ਕੱਕਾ ਕੰਡਿਆਲਾ, ਪੰਡੋਰੀ ਗੋਲਾ ਅਤੇ ਬਲਾਕ ਭਿੱਖੀਵਿੰਡ ਦੀ ਇੱਕ ਪੰਚਾਇਤ ਮਾੜੀ ਕੰਬੋਕੇ ਵਿਖੇ ਹੋਵੇਗੀ।
ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਇਨ੍ਹਾਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੇਪਰ 5 ਜਨਵਰੀ 2026 ਤੋਂ 8 ਜਨਵਰੀ 2026 ਨੂੰ ਬਾਅਦ ਦੁਪਹਿਰ 3:00 ਤੱਕ ਦਾਖ਼ਲ ਕੀਤੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 9 ਜਨਵਰੀ 2026 ਦਿਨ ਸ਼ੁਕਰਵਾਰ ਨੂੰ ਨਾਮਜ਼ਦਗੀ ਪੇਪਰਾਂ ਦੀ ਪੜਤਾਲ ਹੋਵੇਗੀ ਅਤੇ 10 ਜਨਵਰੀ 2026 ਨੂੰ ਬਾਅਦ ਦੁਪਹਿਰ 3:00 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 18 ਜਨਵਰੀ 2026 ਦਿਨ ਐਤਵਾਰ ਨੂੰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਉਪਰੋਕਤ ਗਰਾਂਮ ਪੰਚਾਇਤਾਂ ਲਈ ਵੋਟਾਂ ਪੈਣਗੀਆਂ। ਉਨ੍ਹਾਂ ਕਿਹਾ ਕਿ ਵੋਟਾਂ ਪੈਣ ਤੋਂ ਬਾਅਦ ਓਥੇ ਹੀ ਪੋਲੰਿਗ ਸੈਂਟਰਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 5 ਜਨਵਰੀ 2025 ਨੂੰ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਚੋਣਾਂ ਮੁਕੰਮਲ ਹੋਣ ਤੱਕ ਸਬੰਧਿਤ ਗਰਾਂਮ ਪੰਚਾਇਤਾਂ ਦੇ ਖੇਤਰ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਰਹੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ