
ਅੰਮ੍ਰਿਤਸਰ, 22 ਫਰਵਰੀ (ਹਿੰ.ਸ.)। ਜਦੋਂ ਸੇਵਾ ਸਾਧਨਾ ਬਣ ਜਾਵੇ ਅਤੇ ਕੁਦਰਤ ਪ੍ਰਤੀ ਸੰਵੇਦਨਾ ਜੀਵਨ ਦਾ ਮੂਲ ਮੰਤਰ ਹੋਵੇ, ਤਦ ਪਾਵਨ ਸੰਕਲਪ ਜਨਮ ਲੈਂਦੇ ਹਨ। ਮਾਨਵ ਸੇਵਾ ਅਤੇ ਲੋਕ ਭਲਾਈ ਦੀ ਇਸੇ ਦਿਵਯ ਚੇਤਨਾ ਨੂੰ ਸਾਕਾਰ ਰੂਪ ਦੇਣ ਲਈ ਸੰਤ ਨਿਰੰਕਾਰੀ ਮਿਸ਼ਨ ਵੱਲੋਂ ‘ਪ੍ਰੋਜੈਕਟ ਅੰਮ੍ਰਿਤ’ ਦੇ ਅਧੀਨ ‘ਸਵੱਛ ਜਲ, ਸਵੱਛ ਮਨ’ ਅਭਿਆਨ ਦੇ ਚੌਥੇ ਪੜਾਅ ਦਾ ਸ਼ਾਨਦਾਰ ਆਗਾਜ਼ ਐਤਵਾਰ ਨੂੰ ਸਵੇਰੇ 8 ਵਜੇ ਤੋਂ 11 ਵਜੇ ਤੱਕ, ਪਰਮ ਸਤਿਕਾਰਯੋਗ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦੇ ਨਿਰਦੇਸ਼ਾਂ ਅਨੁਸਾਰ ਪੂਰੇ ਭਾਰਤ ਵਿੱਚ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਸੇਵਾ ਕਾਰਜਾਂ ਵਿੱਚ ਹਿੱਸਾ ਲੈ ਕੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਕੀਤੇ ਜਾ ਰਹੇ ਮਾਨਵਤਾ ਪੱਖੀ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਵੱਲੋਂ ‘ਪ੍ਰੋਜੈਕਟ ਅੰਮ੍ਰਿਤ’ ਦੇ ਅਧੀਨ ‘ਸਵੱਛ ਜਲ, ਸਵੱਛ ਮਨ’ ਅਭਿਆਨ ਚਲਾਉਣਾ ਬਹੁਤ ਸ਼ਲਾਗਾਯੋਗ ਉਪਰਾਲਾ ਹੈ ਅਤੇ ਸਾਨੂੰ ਇਹਨਾਂ ਸੇਵਾ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ।
ਇਸ ਮੌਕੇ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਜੋਗਿੰਦਰ ਸੁੱਖੀਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਸ਼ਾਲ ਅਭਿਆਨ ਦੇਸ਼ ਭਰ ਵਿੱਚ 1500 ਤੋਂ ਵੱਧ ਸਥਾਨਾਂ 'ਤੇ ਇੱਕੋ ਸਮੇਂ ਆਯੋਜਿਤ ਕੀਤਾ ਜਾਵੇਗਾ। ਇਸ ਵਿਆਪਕ ਪੱਧਰ ਕਾਰਨ ਇਹ ਉਪਰਾਲਾ ਇਤਿਹਾਸਕ ਰੂਪ ਧਾਰਨ ਕਰੇਗਾ, ਜੋ ਜਲ ਸੰਭਾਲ ਅਤੇ ਸਵੱਛਤਾ ਦੇ ਸੰਦੇਸ਼ ਨੂੰ ਸਮਾਜ ਦੇ ਹਰ ਵਰਗ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਏਗਾ।
ਇਸੇ ਅਭਿਆਨ ਦੇ ਤਹਿਤ ਸ਼ਹਿਰ ਵਿਚ ਚਾਟੀਵਿੰਡ ਨਹਿਰ ਵੱਲ੍ਹਾਪੁੱਲ, ਤਾਰਾ ਵਾਲਾ ਪੁੱਲ ,ਸੁਲਤਾਨਵਿੰਡ ਪੁੱਲ ਨਹਿਰ ਦੇ ਨਾਲ ਲੱਗਦੇ ਕੰਡੇ ਅਤੇ ਉਸਦਾ ਆਲ ਦੁਵਾਲਾ ਸਾਫ ਕੀਤਾ ਜਾਵੇਗਾ ਇਸ ਅਭਿਆਨ ਵਿਚ ਸੰਤ ਨਿਰੰਕਾਰੀ ਮਿਸ਼ਨ ਦੇ ਹਜ਼ਾਰਾਂ ਸਵੈਸੇਵਕ ਹਿਸਾ ਲੈਣਗੇ ਅਤੇ ਇਸ ਉਪਰੰਤ ਸੰਤ ਨਿਰੰਕਾਰੀ ਸਤਸੰਗ ਭਵਨ ਖਾਨਕੋਟ ਵਿਖੇ ਵਿਸ਼ਾਲ ਸਤਸੰਗ ਦਾ ਆਯੋਜਨ ਹੋਵੇਗਾ । ਉਹਨਾਂ ਕਿਹਾ ਕਿ ਇਸ ਪਹਿਲਕਦਮੀ ਦਾ ਮੂਲ ਉਦੇਸ਼ ਸਮਾਜ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਪਾਣੀ ਕੇਵਲ ਇੱਕ ਸਾਧਨ ਨਹੀਂ, ਬਲਕਿ ਜੀਵਨ ਦਾ ਅਧਾਰ ਅਤੇ ਪ੍ਰਮਾਤਮਾ ਦੀ ਅਮੋਲਕ ਦਾਤ ਹੈ, ਜਿਸ ਦੀ ਰੱਖਿਆ ਕਰਨਾ ਹਰ ਮਨੁੱਖ ਦਾ ਨੈਤਿਕ ਫਰਜ਼ ਹੈ।
ਸੰਤ ਨਿਰੰਕਾਰੀ ਮਿਸ਼ਨ ਨੇ ਬਾਬਾ ਹਰਦੇਵ ਸਿੰਘ ਜੀ ਦੀਆਂ ਪ੍ਰੇਰਨਾਦਾਇਕ ਸਿੱਖਿਆਵਾਂ ਨੂੰ ਅਪਣਾਉਂਦੇ ਹੋਏ ਸਾਲ 2023 ਵਿੱਚ ਸੰਸਕ੍ਰਿਤੀ ਮੰਤਰਾਲੇ, ਭਾਰਤ ਸਰਕਾਰ ਦੇ ਸਹਿਯੋਗ ਨਾਲ ‘ਪ੍ਰੋਜੈਕਟ ਅੰਮ੍ਰਿਤ’ ਦੀ ਸ਼ੁਰੂਆਤ ਕੀਤੀ ਸੀ। ਇਹ ਪਵਿੱਤਰ ਪਹਿਲ ਪਾਣੀ ਦੀ ਸੰਭਾਲ ਨੂੰ ਕਿਸੇ ਇੱਕ ਦਿਨ ਜਾਂ ਅਭਿਆਨ ਤੱਕ ਸੀਮਤ ਨਾ ਰੱਖ ਕੇ ਉਸ ਨੂੰ ਜੀਵਨ ਸ਼ੈਲੀ, ਸੰਸਕਾਰ ਅਤੇ ਸੇਵਾ-ਭਾਵਨਾ ਵਜੋਂ ਅਪਣਾਉਣ ਦੀ ਪ੍ਰੇਰਨਾ ਦਿੰਦੀ ਹੈ, ਜਿੱਥੇ ਸਵੱਛ ਜਲ ਨਾਲ ਸਵੱਛ ਮਨ ਅਤੇ ਸਵੱਛ ਸਮਾਜ ਦੀ ਸਿਰਜਣਾ ਸੰਭਵ ਹੋ ਸਕੇ।
ਉਹਨਾਂ ਅੱਗੇ ਕਿਹਾ ਕਿ ਸਤਿਗੁਰੂ ਮਾਤਾ ਜੀ ਦਾ ਸੰਦੇਸ਼ ਹਮੇਸ਼ਾ ਇਹੀ ਰਿਹਾ ਹੈ ਕਿ ਅਸੀਂ ਇਸ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪਹਿਲਾਂ ਨਾਲੋਂ ਵੱਧ ਸੁੰਦਰ, ਸਵੱਛ ਅਤੇ ਸੰਤੁਲਿਤ ਰੂਪ ਵਿੱਚ ਸੰਭਾਲ ਕੇ ਰੱਖੀਏ। ‘ਸਵੱਛ ਜਲ, ਸਵੱਛ ਮਨ’ ਅਭਿਆਨ ਉਸੇ ਪਾਵਨ ਸੰਕਲਪ ਦਾ ਜਿਉਂਦਾ-ਜਾਗਦਾ ਪ੍ਰਤੀਕ ਹੈ, ਜੋ ਮਨੁੱਖ ਨੂੰ ਕੁਦਰਤ, ਸਮਾਜ ਅਤੇ ਆਤਮਾ ਨਾਲ ਜੋੜਦੇ ਹੋਏ ਕਰੁਣਾ, ਸੰਤੁਲਨ ਅਤੇ ਸਦਭਾਵਨਾ ਨਾਲ ਭਰਪੂਰ ਭਵਿੱਖ ਵੱਲ ਮਾਰਗਦਰਸ਼ਨ ਕਰਦਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ