
ਖੰਨਾ, 22 ਫਰਵਰੀ (ਹਿੰ.ਸ.)। ਖੰਨਾ ਦੇ ਦੁਸਹਿਰਾ ਗਰਾਊਂਡ ਵਿੱਚ ਪੰਜਾਬ ਅਤੇ ਦੇਸ਼ ਦੇ ਹੋਰਨਾਂ ਰਾਜਾਂ ਦੀਆਂ ਮਹਿਲਾ ਉੱਦਮੀਆਂ ਤੇ ਸ਼ਿਲਪਕਾਰਾਂ ਵੱਲੋਂ ਬਣਾਈਆਂ ਵਸਤਾਂ ਨੂੰ ਇੱਕੋ ਮੰਚ ਮੁਹੱਈਆ ਕਰਵਾਉਣ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਪੰਜਾਬ ਸਖੀ ਸ਼ਕਤੀ ਮੇਲਾ-2026 ਦਾ ਆਗਾਜ਼ ਧੂਮ ਧੜੱਕੇ ਨਾਲ ਹੋ ਗਿਆ ਹੈ।
ਇਸ ਸਮੇਂ ਮੇਲੇ ''ਚ ਪੁੱਜਣ ''ਤੇ ਮਹਿਮਾਨਾਂ ਦਾ ਰਵਾਇਤੀ ਲੋਕ ਨਾਚਾਂ ਦੇ ਕਲਾਕਾਰਾਂ ਨੇ ਧਮਾਲਾਂ ਪਾਉਂਦਿਆਂ ਸਵਾਗਤ ਕੀਤਾ। ਇਸ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਉੱਧਮੀ ਆਪਣੇ ਉਤਪਾਦ ਲੈ ਕੇ ਪੁੱਜੇ। ''ਪੰਜਾਬ ਸਖੀ ਸ਼ਕਤੀ ਮੇਲੇ'' ਦੇ ਜਰੀਏ ਪਿੰਡਾਂ ਵਿੱਚ ਬੈਠੀਆਂ ਹੁਨਰਮੰਦ ਮਹਿਲਾਵਾਂ ਲਈ ਰੋਜ਼ਗਾਰ ਦੇਣ ਦਾ ਪਲੇਟਫਾਰਮ ਤਿਆਰ ਕੀਤਾ ਗਿਆ ਹੈ। ਇਸ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਖਾਣ ਪੀਣ ਦੇ ਸਟਾਲ ਲਗਾਏ ਗਏ ਹਨ। ਬੱਚਿਆਂ ਦੇ ਮਨੋਰੰਜਨ ਲਈ ਝੂਲਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਹਰ ਰੋਜ਼ ਇੱਕ ਨਵਾਂ ਮਸ਼ਹੂਰ ਪੰਜਾਬੀ ਗਾਇਕ ਸ਼ਾਮ ਨੂੰ ਪੇਸ਼ਕਾਰੀ ਦੇਵੇਗਾ। ਇਸ ਮੇਲੇ ਵਿੱਚ ਪੰਜਾਬ ਦਾ ਸੱਭਿਆਚਾਰ ਅਤੇ ਵਿਰਸਾ ਦਿਖਾਇਆ ਜਾਵੇਗਾ।
ਮੇਲੇ ਵਿੱਚ ਝੂਲਿਆਂ ਦੇ ਵਿਸ਼ੇਸ਼ ਪ੍ਰਬੰਧ ਦੇ ਨਾਲ-ਨਾਲ ਖਾਣ ਪੀਣ ਦੀਆਂ ਵਸਤਾਂ ਸਬੰਧੀ ਵਿਸ਼ੇਸ਼ ਫੂਡ ਕੋਰਟ ਬਣਿਆ ਹੈ। ਇਸ ਮੇਲੇ ਦੌਰਾਨ ਰੋਜ਼ਾਨਾ ਸ਼ਾਮ ਨੂੰ ਪੰਜਾਬ ਦੇ ਪ੍ਰਸਿੱਧ ਕਲਾਕਾਰ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਹੋਇਆ ਕਰੇਗੀ। ਮੇਲੇ ਦੀ ਸ਼ੁਰੂਆਤ ਰੋਜ਼ਾਨਾ ਸਵੇਰੇ 10 ਵਜੇ ਤੋਂ ਹੋਇਆ ਕਰੇਗੀ। ਇਸ ਮੇਲੇ ਲਈ ਟਿਕਟ ਰੇਟ 20 ਰੁਪਏ ਰੱਖਿਆ ਗਿਆ ਹੈ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੇਲੇ ਵਿੱਚ ਦਾਖਲਾ ਮੁਫ਼ਤ ਹੈ।
ਮੇਲੇ ਦੇ ਨੋਡਲ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਜੀਤ ਬੈਂਸ ਨੇ ਕਿਹਾ ਕਿ ਅਜਿਹੇ ਮੇਲੇ ਆਪਣੇ ਸੱਭਿਆਚਾਰ ਨਾਲ ਜੁੜਨ ਦਾ ਇਕ ਵਧੀਆ ਵਸੀਲਾ ਹਨ ਅਤੇ ਸਾਨੂੰ ਸਾਡੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਂਦੇ ਹਨ ਅਤੇ ਇਕੋ ਸਥਾਨ ''ਤੇ ਸਾਨੂੰ ਪੂਰੇ ਦੇਸ਼ ਦੀ ਸ਼ਿਲਪ ਕਲਾ ਅਤੇ ਸਭਿਆਚਾਰ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਹਰੇਕ ਸਟਾਲ ''ਤੇ ਜਾ ਕੇ ਸ਼ਿਲਪਕਾਰਾਂ ਵੱਲੋਂ ਬਣਾਈਆਂ ਵਸਤਾਂ ਨੂੰ ਦੇਖਿਆ ਅਤੇ ਖਰੀਦੋ-ਫਰੋਖਤ ਕੀਤੀ। ਇਸ ਮੇਲੇ ''ਚ ਸਜੀਆਂ ਵੱਖ-ਵੱਖ ਸ਼ਿਲਪਕਾਰੀ ਵਸਤਾਂ ਦੀਆਂ ਸਟਾਲਾਂ ''ਤੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਬ ਖ਼ਰੀਦੋ ਫ਼ਰੋਖਤ ਕੀਤੀ। ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਲੋਕ ਨਾਚ ਪੇਸ਼ ਕਰ ਕੇ ਖ਼ੂਬ ਧਮਾਲਾਂ ਪਾਈਆਂ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਖੰਨਾ ਸਵਾਤੀ ਟਿਵਾਣਾ ਨੇ ਮੇਲੇ ਦੀ ਸ਼ੁਰੂਆਤ ਮੌਕੇ ਪਹੁੰਚੀਆਂ ਸ਼ਖਸੀਅਤਾਂ, ਵੱਖ-ਵੱਖ ਰਾਜਾਂ ਤੋਂ ਪੁੱਜੇ ਦਸਤਕਾਰਾਂ ਤੇ ਕਲਾਕਾਰਾਂ ਨੂੰ ਜੀ ਆਇਆ ਆਖਿਆ ਅਤੇ ਮੇਲੇ ''ਚ ਆਏ ਕਰੀਬ 200 ਸਟਾਲਾਂ ਵਿੱਚ ਮਿਲਣ ਵਾਲੀਆਂ ਵੱਖ-ਵੱਖ ਸ਼ਿਲਪਕਾਰੀ ਵਸਤਾਂ ਸਮੇਤ 10 ਦਿਨ ਰੋਜ਼ਾਨਾ ਹੋਣ ਵਾਲੇ ਲੋਕ ਨਾਚਾਂ ਅਤੇ ਸੱਭਿਆਚਰਕ ਗਤੀਵਿਧੀਆਂ ਬਾਰੇ ਵੀ ਦੱਸਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ