
ਸਰਹਿੰਦ/ਫਤਹਿਗੜ੍ਹ, 23 ਫਰਵਰੀ (ਹਿੰ.ਸ.)। ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ, ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਗੁਰੂ ਘਰ ਵਿਚ ਕੀਰਤਨ ਸਰਵਣ ਕਰਕੇ ਸ਼ਹੀਦਾਂ ਨੂੰ ਨਮਨ ਕੀਤਾ। ਉਨ੍ਹਾਂ ਸਰਹਿੰਦ ਦੀ ਉਸ ਕੰਧ ਦੇ ਦਰਸ਼ਨ ਵੀ ਕੀਤੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਨੀਹਾਂ ਵਿਚ ਚਿਣਵਾ ਦਿੱਤਾ ਗਿਆ ਸੀ। ਉਹ ਮਾਤਾ ਗੁਜ਼ਰ ਕੌਰ ਜੀ ਦੇ ਸ਼ਹਾਦਤ ਵਾਲੇ ਅਸਥਾਨ ਠੰਢੇ ਬੁਰਜ ਵਿਚ ਵੀ ਮੱਥਾ ਟੇਕਣ ਗਏ। ਇਸ ਲਾਸਾਨੀ ਸ਼ਹਾਦਤ ਨੂੰ ਯਾਦ ਕਰਕੇ ਬਿੱਟੂ ਭਾਵੁਕ ਵੀ ਨਜ਼ਰ ਆਏ।
ਇਸ ਦੌਰਾਨ ਕੇਂਦਰੀ ਮੰਤਰੀ ਬਿੱਟੂ ਨੇ ਸਰਹਿੰਦ ਰੇਲਵੇ ਜਕਸ਼ਨ ਵਿਖੇ ਪਲੇਟ ਫਾਰਮ ਤੇ ਜਿੱਥੇ ਯਾਤਰੀਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਹੀ ਭਾਜਪਾ ਸ਼ੋਸ਼ਲ ਮੀਡੀਆ ਦੇ ਸੂਬਾ ਸਹਿ ਇੰਚਾਰਜ ਅਮਨਦੀਪ ਸਿੰਘ ਦੀ ਅਗਵਾਈ ਵਿਚ ਸ਼ਹਿਰ ਵਾਸੀਆਂ ਦੇ ਵਫ਼ਦ ਨੇ ਅਚਨਚੇਤ ਮੁਲਾਕਾਤ ਕਰਕੇ ਸਟੇਸ਼ਨ ਤੇ ਆ ਰਹੀਆਂ ਦਿੱਕਤਾਂ ਨੂੰ ਜਾਣੂ ਕਰਵਾਇਆ। ਵਫ਼ਦ ਨੇ ਕੇਂਦਰੀ ਰੇਲਵੇ ਮੰਤਰੀ ਤੋਂ ਸਰਹਿੰਦ ਜਕਸ਼ਨ ਵਿਚ ਮੇਲ ਟਰੇਨਾਂ ਦੇ ਸਟਾਪਜ਼ ਕਰਨ, ਸਰਹਿੰਦ ਤੋਂ ਚੰਡੀਗੜ੍ਹ ਲਈ ਵਾਇਆ ਮੋਰਿੰਡਾ ਟਰੇਨ ਚਲਾਏ ਜਾਣ, ਸਰਹਿੰਦ ਰੇਲਵੇ ਸਟੇਸ਼ਨ ਦੇ ਚੱਲ ਦੇ ਨਵੀਨੀਕਰਨ ਦੇ ਕਾਰਜਾਂ ਨੂੰ ਜਲਦ ਨੇਪਰੇ ਚਾੜਣ ਦੀ ਮੰਗ ਕੀਤੀ।
ਇਸ ਮੌਕੇ ਕੇਂਦਰੀ ਮੰਤਰੀ ਬਿੱਟੂ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਸਰਹਿੰਦ ਵਾਸੀਆਂ ਦੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਹੱਲ ਜਲਦ ਕਰ ਦਿੱਤਾ ਜਾਵੇਗਾ ਅਤੇ ਲੋੜ ਅਨੁਸਾਰ ਟਰੇਨਾਂ ਦੇ ਸਟਾਪਜ ਵੀ ਜਲਦੀ ਕਰ ਦਿੱਤੇ ਜਾਣਗੇ। ਜਿਸ ਤੇ ਸ਼ਹਿਰ ਵਾਸੀਆਂ ਨੇ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਭਾਜਪਾ ਮੰਡਲ ਸਰਹਿੰਦ ਦੇ ਸਕੱਤਰ ਰਾਕੇਸ਼ ਗਰਗ, ਹੇਮੰਤ ਭੱਲਾ, ਜਗਜੀਤ ਸਿੰਘ ਜੱਗੀ, ਸਨੀ ਕੁਮਾਰ, ਵਿਨੋਦ ਢੰਡ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ