


ਪਟਿਆਲਾ, 23 ਫਰਵਰੀ (ਹਿੰ.ਸ.)। ਪਟਿਆਲਾ ਦੇ ਵਿਰਾਸਤੀ ਕਿਲ੍ਹਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ 'ਚ ਐਤਵਾਰ ਰਾਤ ਨੂੰ ਪਟਿਆਲਾ ਵਿਰਾਸਤੀ ਮੇਲੇ ਦੀ ਆਖਰੀ ਸ਼ਾਮ ਪਟਿਆਲਵੀਆਂ ਤੇ ਕਲਾ ਪ੍ਰੇਮੀਆਂ ਨੇ ਵੱਡੀ ਗਿਣਤੀ 'ਚ ਪੁੱਜ ਕੇ ਸੂਫ਼ੀਆਨਾ ਸ਼ਾਮ ਦਾ ਆਨੰਦ ਮਾਣਿਆ। ਇਸ ਮੌਕੇ ਵੱਡੀ ਗਿਣਤੀ ਪੁੱਜੇ ਦਰਸ਼ਕ ਸਰੋਤਿਆਂ ਨੇ ਤਾੜੀਆਂ ਦੀ ਗੂੰਜ ਨਾਲ ਪੰਜਾਬ ਦੇ ਉਘੇ ਗਾਇਕਾਂ ਦਾ ਸਤਿਕਾਰ ਕੀਤਾ।
ਇਹ ਸੂਫ਼ੀਆਨਾ ਸ਼ਾਮ ਉਸ ਵੇਲੇ ਹੋਰ ਵੀ ਖ਼ੂਬਸੂਰਤ ਨਜ਼ਰ ਆਈ, ਜਦੋਂ ਕਵਾਲੀ ਦੇ ਆਫ਼ਤਾਬ ਗਾਇਕ ਖ਼ਾਨ ਸਾਬ੍ਹ ਨੇ ਇਹ ਸ਼ਾਮ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਨੂੰ ਸਮਰਪਿਤ ਕਰਦਿਆ ਰਵਾਇਤੀ ਕੱਵਾਲੀਆਂ ਨੂੰ ਆਪਣੇ ਨਿਵੇਕਲੇ ਅੰਦਾਜ਼ ਗਾਇਆ ਜਦਕਿ ਸੂਫ਼ੀ ਗਾਇਕ ਪ੍ਰੋ. ਅਮਨਦੀਪ ਸਿੰਘ ਦੇ ਦਿਲਰੁਬਾ ਵਾਦਨ ਤੇ ਸੂਫ਼ੀ ਗਾਇਕੀ ਨੇ ਖ਼ੂਬ ਰੰਗ ਬੰਨ੍ਹਦਿਆਂ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।
ਪੰਜਾਬ ਦੇ ਉੱਘੇ ਨੌਜਵਾਨ ਗਾਇਕ ਖ਼ਾਨ ਸਾਬ੍ਹ ਨੇ ਰਵਾਇਤੀ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਦੀਆਂ ਕਵਾਲੀਆਂ ਨਵੇਂ ਰੂਪ ਵਿੱਚ ਪੇਸ਼ ਕੀਤੀਆਂ। ਉਨ੍ਹਾਂ ਨੇ ‘ਸਾਸੋਂ ਕੀ ਮਾਲਾ, ਨਿੱਤ ਖੈਰ ਮੰਗਾਂ, ਵੋ ਬੀ ਅਪਨੇ ਨਾ ਥੇ, ਹਲਕਾ..ਹਲਕਾ ਸਰੂਰ ਸਮੇਤ ਹੋਰ ਖੂਬਸੂਰਤ ਨਗ਼ਮੇ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰਕੇ ਵਿਰਾਸਤੀ ਉਤਸਵ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ। ਖ਼ਾਨ ਸਾਬ੍ਹ ਨੇ ਕਿਹਾ ਕਿ ਇਹ ਉਸ ਦੀ ਖ਼ੁਸ਼ਕਿਸਮਤੀ ਹੈ ਕਿ ਉਹ ਪਟਿਆਲਵੀਆਂ ਨੂੰ ਕੁਝ ਸੁਨਾੳਣ ਆਏ ਹਨ।
ਸੂਫ਼ੀਆਨਾ ਸ਼ਾਮ ਦੀ ਸ਼ੁਰੂਆਤ ਵਿੱਚ ਪ੍ਰਸਿੱਧ ਦਿਲਰੁਬਾ ਵਾਦਕ ਤੇ ਗਾਇਕ ਪ੍ਰੋ. ਅਮਨਦੀਪ ਸਿੰਘ ਨੇ ਪਟਿਆਲਾ ਰਿਆਸਤ ਦੇ ਸਾਜ ਦਿਲਰੁਬਾ ਨਾਲ ਸ਼ਾਨ ਵਜਾ ਕੇ ਸ਼ੁਰੂਆਤ ਕੀਤੀ ਪਟਿਆਲਾ ਘਰਾਣੇ ਦੇ ਗੱਜਣ ਸਿੰਘ ਤੇ ਭਾਈ ਹਰਨਾਮ ਸਿੰਘ ਨੂੰ ਯਾਦ ਕੀਤਾ। ਉਨ੍ਹਾਂ ਨੇ ਆਪਣੀ ਦਿਲਕਸ਼ ਆਵਾਜ਼ ਨਾਲ ਸੂਫ਼ੀਆਨਾ ਅੰਦਾਜ 'ਚ ਲੋਕ ਗਾਇਕੀ ਨਾਲ ਇੱਕ ਵੱਖਰਾ ਹੀ ਮਾਹੌਲ ਸਿਰਜਦਿਆਂ ਦਰਸ਼ਕਾਂ ਨੂੰ ਝੂਮਣ ਲਾ ਦਿਤਾ।
ਪ੍ਰੋ. ਅਮਨਦੀਪ ਸਿੰਘ ਨੇ ਸੁਲਤਾਨ ਬਾਹੂ ਅਤੇ ਬੁੱਲੇ ਸ਼ਾਹ ਦੇ ਸੂਫ਼ੀਆਨਾ ਕਲਾਮ, 'ਅਬ ਲਗਨ ਲਗੀ ਕੀ ਕਰੀਏ', 'ਮੈਨੂੰ ਕੌਣ ਪਛਾਣੇ', ਸੰਤ ਰਾਮ ਉਦਾਸੀ ਦੀ ਰਚਨਾ, 'ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ ਅਤੇ ਸ਼ਿਵ ਕੁਮਾਰ ਬਟਾਵਲੀ ਦੀ ਨਜ਼ਮ ਇੱਕ ਕੁੜੀ ਜਿਸਦਾ ਨਾਮ ਮੁਹੱਬਤ ਸਮੇਤ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਝੂਮਰ, ਲੋਕ ਬੋਲੀਆਂ ਤੇ ਲੋਕ ਗੀਤ ਦੀ ਦਿਲਕਸ਼ ਪੇਸ਼ਕਾਰੀ ਕੀਤੀ। ਨੂਰ-ਏ-ਅਮਨ ਮਿਊਜ਼ੀਕਲ ਬੈਂਡ ਗਰੁੱਪ ਦੇ ਕਲਾਕਾਰਾਂ ਨੇ ਪ੍ਰੋ. ਅਮਨਦੀਪ ਸਿੰਘ ਦਾ ਸਾਥ ਦਿੱਤਾ।
ਇਸ ਮੌਕੇ ਪੁੱਜੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਬਲਤੇਜ ਪੰਨੂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਪੀਆਰਟੀਸੀ ਚੇਅਰਮੈਨ ਹਰਪਾਲ ਜੁਨੇਜਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਅਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਅਜਿਹੀ ਸਾਫ਼ ਸੁਥਰੀ ਗਾਇਕੀ ਸਾਨੂੰ ਸਾਡੀ ਵਿਰਾਸਤ ਨਾਲ ਜੋੜਦੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਸੰਗੀਤ ਰਾਹੀਂ ਆਪਣੇ ਜੀਵਨ ਨੂੰ ਉੱਚਾ ਤੇ ਸੱਚਾ ਰੱਖਣ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਹੇਠ ਅਜਿਹੇ ਮੇਲੇ ਲਗਾਉਣਾ ਰੰਗਲਾ ਪੰਜਾਬ ਬਣਾਉਣ ਸਮੇਤ ਲੋਕਾਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਨ ਦਾ ਚੰਗਾ ਉਪਰਾਲਾ ਹੈ।
ਬਲਤੇਜ ਪੰਨੂ ਨੇ ਕਿਹਾ ਕਿ ਸਫ਼ਲ ਵਿਰਾਸਤੀ ਮੇਲਾ ਕਰਵਾਉਣ ਲਈ ਪਟਿਆਲਾ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਪਟਿਆਲਾਵੀਆਂ ਤੇ ਕਲਾ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਜਿਵੇਂ 12 ਫਰਵਰੀ ਤੋਂ 22 ਫਰਵਰੀ ਤੱਕ ਪਟਿਆਲਾ ਵਿਰਾਸਤੀ ਮੇਲੇ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ, ਉਸੇ ਤਰ੍ਹਾਂ ਹੀ 21 ਫਰਵਰੀ ਤੋਂ ਸ਼ੁਰੂ ਹੋ ਕੇ 2 ਮਾਰਚ ਤੱਕ ਸ਼ੀਸ਼ ਮਹਿਲ ਵਿਖੇ ਚੱਲ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਨੂੰ ਵੀ ਭਰਵਾਂ ਹੁੰਗਾਰਾ ਦੇਣ।
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਪਟਿਆਲਾ ਵਿਰਾਸਤੀ ਮੇਲੇ ਦੀ ਕਿਲ੍ਹਾ ਮੁਬਾਰਕ ਵਿਖੇ ਆਖਰੀ ਸ਼ਾਮ ਯਾਦਗਾਰੀ ਬਣ ਗਈ, ਕਿਉਂਕਿ ਇਹ ਵਿਰਾਸਤੀ ਉਤਸਵ ਹੁਣ ਪਟਿਆਲਵੀਆਂ ਲਈ ਇੱਕ ਖਾਸ ਉਤਸਵ ਬਣ ਗਿਆ ਹੈ। ਨੋਡਲ ਅਫ਼ਸਰ ਐਸ.ਡੀ.ਐਮ. ਰਿਚਾ ਗੋਇਲ ਦੀ ਦੇਖ-ਰੇਖ ਹੇਠ ਖ਼ੂਬਸੂਰਤ ਰੌਸ਼ਨੀਆਂ ਨਾਲ ਜਗਮਗਾ ਰਹੀ ਕਿਲਾ ਮੁਬਾਰਕ ਦੀ ਇਹ ਵਿਰਾਸਤੀ ਇਮਾਰਤ ਨੇ ਆਮ ਸ਼ਹਿਰੀਆਂ ਨੂੰ ਆਪਣੇ ਦੀਦਾਰ ਕਰਨ ਲਈ ਮਜ਼ਬੂਰ ਕੀਤਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ