
ਸਮਰਾਲਾ, 23 ਫਰਵਰੀ (ਹਿੰ.ਸ.)। ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਦੀਪ ਸਿੱਧੂ ਦੀ ਅਗਵਾਈ ਵਿੱਚ ਸੀ.ਐਚ.ਸੀ ਮਾਨੂੰਪੁਰ ਵਿਖੇ ਮਾਨਸਿਕ ਰੋਗਾਂ ਤੋਂ ਬਚਾਓ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਸੁਦੀਪ ਸਿੱਧੂ ਨੇ ਕਿਹਾ ਅੱਜ ਦੇ ਸਮੇਂ ’ਚ ਜ਼ਿੰਦਗੀ ਦੀ ਭੱਜ ਦੌੜ ਇਨਸਾਨ ਅੰਦਰ ਤਣਾਅ ਪੈਦਾ ਕਰ ਰਹੀ ਹੈ ਜੇ ਤਣਾਅ ਲੰਬੇ ਸਮੇਂ ਤੱਕ ਰਹੇ ਤਾ ਇਹ ਦਿਲ ਦੀਆਂ ਬਿਮਾਰੀਆਂ, ਸ਼ੂਗਰ, ਹਾਈਪਰਟੈਸ਼ਨ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਸ ਤੋਂ ਇਲਾਵਾ ਡਿਪ੍ਰੈਸ਼ਨ ਨਾਲ ਇਨਸਾਨ ਅੰਦਰ ਨਸ਼ਿਆਂ ਦੀ ਵਰਤੋਂ, ਖੁਦਕੁਸ਼ੀ ਵਰਗੇ ਨਕਾਰਾਤਮਕ ਵਿਚਾਰ ਪੈਦਾ ਹੁੰਦੇ ਹਨ।ਉਨ੍ਹਾਂ ਕਿਹਾ ਕੇ ਬੇਚੈਨੀ, ਚਿੜਚਿੜਾਪਨ, ਨੀਂਦ ਘੱਟ ਆਉਣਾ, ਗੱਲ-ਗੱਲ ’ਤੇ ਗੁੱਸਾ ਆਉਣਾ, ਨੀਂਦ ਘੱਟ ਆਉਣਾ, ਕੰਨਾਂ ਚੋਂ ਅਵਾਜ਼ਾਂ ਆਉਣੀਆਂ, ਯਾਦ ਸ਼ਕਤੀ ਘਟਣਾ ਆਦਿ ਮਾਨਸਿਕ ਰੋਗਾਂ ਦੀਆਂ ਨਿਸ਼ਾਨੀਆਂ ਹਨ। ਇਸ ਮੌਕੇ ਡਾ. ਸਤਿਆਜੀਤ ਸਿੰਘ ਅਤੇ ਡਾ. ਵੰਦਨਾ ਰਾਠੌਰ ਨੇ ਕਿਹਾ ਕੇ ਮਾਨਸਿਕ ਰੋਗਾਂ ਤੋਂ ਬਚਾਓ ਲਈ ਇਨਸਾਨ ਨੂੰ ਯੋਗਾ, ਮੈਡੀਟੇਸ਼ਨ, ਆਪਣੇ ਆਪ ਨੂੰ ਵਿਅਰਥ ਰੱਖਣਾ ਅਤੇ ਮਨ ਸ਼ਾਤ ਰੱਖਣ ਵਾਲੀਆਂ ਗਤੀਵਿਧੀਆਂ ਨੂੰ ਆਪਣੇ ਜੀਵਨ ’ਚ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਮਾਨਸਿਕ ਰੋਗੀਆਂ ਨੂੰ ਸਮੇਂ ਸਿਰ ਡਾਕਟਰ ਦੀ ਸਲਾਹ ਨਾਲ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ’ਤੇ ਗੁਰਦੀਪ ਸਿੰਘ ਬੀ.ਈ.ਈ ਵੱਲੋਂ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਸਮੇਂ ਅਮਿਤ ਪਾਲ, ਮਨਿੰਦਰਜੀਤ ਕੌਰ, ਸੰਦੀਪ ਕੌਰ, ਅਮਨਪ੍ਰੀਤ ਕੌਰ ਅਤੇ ਰੁਪਿੰਦਰ ਕੌਰ ਆਦਿ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ