
ਫ਼ਰੀਦਕੋਟ, 24 ਫਰਵਰੀ (ਹਿੰ.ਸ.)। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜਿਲ੍ਹੇ ਦੇ ਸਾਰੇ ਵਸਨੀਕਾਂ ਨੂੰ ਇਸ ਸਕੀਮ ਦਾ ਲਾਭ ਦੇਣ ਦੇ ਮੰਤਵ ਨਾਲ ਪਿੰਡ/ਵਾਰਡ ਪੱਧਰ ’ਤੇ ਕੈਂਪ ਲਗਾ ਕੇ ਲੋਕਾਂ ਦੇ ਸਿਹਤ ਕਾਰਡ ਬਣਾਏ ਜਾ ਰਹੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਸਿਹਤ ਬੀਮਾ ਕਾਰਡ ਬਣਾਉਣ ਲਈ ਕੋਈ ਵੀ ਪਰਚੀ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਪਰਿਵਾਰ ਆਧਾਰ ਕਾਰਡ ਅਤੇ ਵੋਟਰ ਕਾਰਡ ਦੇ ਆਧਾਰ ’ਤੇ ਐਨਰੋਲ ਹੋ ਸਕਦੇ ਹਨ। ਇਸਦੇ ਨਾਲ ਪਰਿਵਾਰ ਦੇ ਮੁਖੀ ਵੱਲੋਂ ਸਵੈ-ਘੋਸ਼ਣਾ ਪੱਤਰ ਵੀ ਲਾਜ਼ਮੀ ਹੈ, ਜਿਸ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜਾਣਕਾਰੀ ਦਰਜ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਸਰਕਾਰ ਦੀ ਲੋਕ ਹਿਤੈਸ਼ੀ ਯੋਜਨਾ ਹੈ, ਜਿਸ ਵਿੱਚ ਪੰਜਾਬ ਦੇ ਵਸਨੀਕ ਹਰੇਕ ਪਰਿਵਾਰ ਦੇ ਹਰੇਕ ਜੀਅ ਦਾ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਸਰਕਾਰੀ ਅਤੇ ਇਨਪੈਂਨਲਡ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਕਾਮਨ ਸਰਵਿਸ ਕੇਂਦਰ ਸਥਾਪਿਤ ਕੀਤੇ ਗਏ ਹਨ ਜਿਸ ਵਿੱਚ ਲਾਭਪਾਤਰੀ ਬਹੁਤ ਆਸਾਨੀ ਨਾਲ ਆਪਣਾ ਸਿਹਤ ਬੀਮਾ ਕਾਰਡ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਵਿੱਚ 157 ਕਾਮਨ ਸਰਵਿਸ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਹੁਣ ਦੂਰ ਦੁਰਾਡੇ ਜਾਣ ਦੀ ਜਰੂਰਤ ਨਹੀਂ ਹੈ ਉਹ ਆਪਣੇ ਪਿੰਡ/ਵਾਰਡ/ਮੁਹੱਲੇ ਨੇੜੇ ਸਥਾਪਿਤ ਕਾਮਨ ਸਰਵਿਸ ਕੇਂਦਰ ਵਿਚ ਜਾ ਕੇ ਆਸਾਨੀ ਨਾਲ ਆਪਣਾ ਕਾਰਡ ਬਣਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸਿਹਤ ਬੀਮਾ ਯੋਜਨਾ ਤਹਿਤ ਮਿਤੀ 24.2.2026 ਤੋਂ 01.03.2026 ਤੱਕ ਬਲਾਕ ਫਰੀਦਕੋਟ ਦੇ ਕਾਬਲ ਵਾਲਾ, ਡੋਡ,ਸੰਜੇ ਨਗਰ, ਵਾਰਡ ਨੰਬਰ 20, ਵਾਰਡ ਨੰਬਰ 6, ਮਾਈ ਗੋਦੜੀ ਸਾਹਿਬ ਨੇੜੇ ਏਅਰਟਲ ਟਾਵਰ, ਮਾਰਕੀਟ ਕਮੇਟੀ ਫਰੀਦਕੋਟ, ਮਾਰਕੀਟ ਕਮੇਟੀ ਸਾਦਿਕ, ਕੋਟਕਪੂਰਾ ਬਲਾਕ ਦੇ ਪਿੰਡ ਸੰਧਵਾਂ, ਮਿਸ਼ਰੀ ਵਾਲਾ, ਭੈਰੋ ਭੱਟੀ, ਵਰਡ ਨੰਬਰ 26, ਬਾਬਾ ਰਾਮਦੇਵ ਧਰਮਸ਼ਾਲਾ ਕੋਟਕਪੂਰਾ, ਬਲਾਕ ਜੈਤੋ ਦੇ ਪਿੰਡ ਰਾਮੇਆਣਾ, ਮੱਲਾ, ਰਾਮੂ ਵਾਲਾ, ਵਾੜਾ ਭਾਈ ਕਾ, ਬੁਰਜ ਜਵਾਹਰ ਸਿੰਘ ਵਾਲਾ, ਜਿਉਣ ਵਾਲਾ, ਢਿਲਵਾਂ ਕਲਾ, ਟਰੱਕ ਯੂਨੀਅਨ ਜੈਤੋ ਰਾਮ ਲੀਲਾ ਗਰਾਊਂਡ ਜੈਤੋ ਵਿਖੇ ਕੈਂਪ ਲਗਾਏ ਜਾਣਗੇ। ਉਨ੍ਹਾਂ ਜ਼ਿਲਾ ਵਾਸੀਆਂ ਅਪੀਲ ਕੀਤੀ ਕਿ ਉਹ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ