

ਪਟਿਆਲਾ, 24 ਫਰਵਰੀ (ਹਿੰ.ਸ.)। ਸ਼ੀਸ਼ ਮਹਿਲ ਵਿਖੇ ਚੱਲ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ 'ਚ ਪੰਜਾਬ ਡਿਜੀਟਲ ਲਾਇਬ੍ਰੇਰੀ ਵੱਲੋਂ ਪੰਜਾਬ ਰਾਜ ਪੁਰਾਲੇਖ ਵਿਭਾਗ ਦੇ ਸਹਿਯੋਗ ਨਾਲ ਲਗਾਈ ਗਈ 'ਦਿ ਸਿੱਖ ਸਾਮਰਾਜ (1710 1849): ਅੰਤਰਰਾਸ਼ਟਰੀ ਕਲਾਕਾਰਾਂ ਅਤੇ ਲੇਖਕਾਂ ਦਾ ਦ੍ਰਿਸ਼ਟੀਕੋਣ' ਪ੍ਰਦਰਸ਼ਨੀ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ।
ਸ਼ੀਸ਼ ਮਹਿਲ ਵਿਖੇ ਸਥਿਤ ਬਨਾਸਰ ਘਰ ਵਿਖੇ ਲਗਾਈ ਗਈ ਇਹ ਪੰਜਾਬ ਡਿਜ਼ੀਟਲ ਲਾਇਬ੍ਰੇਰੀ ਦੀ 14ਵੀਂ ਪ੍ਰਦਰਸ਼ਨੀ ਹੈ। ਜਦੋਂ ਕਿ ਪੰਜਾਬ ਰਾਜ ਪੁਰਾਲੇਖ ਵਿਭਾਗ ਨੇ ਵੀ ਕਰੀਬ 20 ਸਾਲਾਂ ਅਜਿਹੀ ਪ੍ਰਦਰਸ਼ਨੀ ਲਗਾਈ ਹੈ, ਜਿੱਥੇ ਕਿ ਖ਼ਾਲਸਾ ਦਰਬਾਰ ਦੇ ਅਹਿਮ ਦਸਤਾਵੇਜਾਂ ਸਮੇਤ ਮਹਾਰਾਜਾ ਦਲੀਪ ਸਿੰਘ ਦੀ ਮੁੜ ਸਿੱਖ ਬਣਨ ਦੀ ਇੱਛਾ ਜਤਾਉਂਦੀ ਚਿੱਠੀ, ਪੰਜਾਬ ਦਾ 1857 ਦਾ ਗ਼ਜਟ ਅਤੇ ਹੋਰ ਵਡਮੁੱਲੇ ਦਸਤਾਵੇਜ ਪ੍ਰਦਰਸ਼ਿਤ ਕੀਤੇ ਗਏ ਹਨ।
ਇਸ ਪ੍ਰਦਰਸ਼ਨੀ ਦਾ ਉਦਘਾਟਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਸੀ। ਇਸ ਦੌਰਾਨ ਪੰਜਾਬ ਰਾਜ ਪੁਰਾਲੇਖ ਵਿਭਾਗ, ਚੰਡੀਗੜ੍ਹ ਤੇ ਪਟਿਆਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਗਪਗ 20 ਸਾਲਾਂ ਬਾਅਦ ਅਜਿਹੀ ਪ੍ਰਦਰਸ਼ਨੀ ਲਗਾਈ ਗਈ ਹੈ, ਜਿੱਥੇ ਵਿਭਾਗ ਨੇ ਆਪਣੇ ਵਡਮੁੱਲੇ ਦਸਤਾਵੇਜ ਪ੍ਰਦਰਸ਼ਿਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਰਾਲੇਖ ਵਿਭਾਗ ਨੇ ਖ਼ਾਲਸਾ ਦਰਬਾਰ 1839-1840, 1841-1846 ਦਾ ਪ੍ਰਸ਼ਾਸਨਿਕ ਰਿਕਾਰਡ, ਤੋਸ਼ਾਖਾਨਾ, ਪੰਜਾਬ ਗ਼ਜਟ 1857, ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਦਰਬਾਰ, ਤਵਾਰੀਖ ਰਾਜ ਖ਼ਾਲਸਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਨਕਸ਼ਾ, ਮਹਾਰਾਜੇ ਦੀ ਬੰਸਾਵਲੀ, ਖ਼ਾਲਸਾ ਦਰਬਾਰ ਦਾ ਮਿਲਟਰੀ ਰਿਕਾਰਡ, 1840 ਦੀ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖੀ ਪਹਿਲੀ ਪੁਸਤਕ ਆਦਿ ਦਸਤਾਵੇਜ ਦਿਖਾਏ ਗਏ ਹਨ।
ਇਸ ਮੌਕੇ ਗ਼ੈਰ ਸਰਕਾਰੀ ਸੰਸਥਾ ਪੰਜਾਬ ਡਿਜ਼ੀਟਲ ਲਾਇਬ੍ਰੇਰੀ, ਚੰਡੀਗੜ੍ਹ ਦੇ ਆਊਟਰੀਚ ਡਾਇਰੈਕਟਰ ਦਲਬੀਰ ਸਿੰਘ ਤੇ ਆਊਟਰੀਚ ਕੋਆਰਡੀਨੇਟਰ ਗੀਤਾਂਜਲੀ ਨੇ ਦੱਸਿਆ ਕਿ ਸਿੱਖ ਰਾਜ ਦੇ ਸਮੇਂ ਜੋ ਵਿਦੇਸ਼ਾਂ ਤੋਂ ਕਲਾਕਾਰ ਤੇ ਲੇਖਕ ਪੰਜਾਬ ਆਏ ਅਤੇ ਉਨ੍ਹਾਂ ਨੇ ਜੋ ਕੁਝ ਸਿੱਖ ਰਾਜ ਬਾਰੇ ਦੇਖ ਕੇ ਲਿਖਿਆ ਤੇ ਚਿਤਰਿਆ ਅਤੇ ਆਪਣਾ ਦ੍ਰਿਸ਼ਟੀਕੋਣ ਬਣਾਇਆ, ਉਸ ਬਾਰੇ ਇਹ ਪ੍ਰਦਰਸ਼ਨੀ ਦਰਸ਼ਕਾਂ ਨੂੰ ਜਾਣੂ ਕਰਵਾਉਣ ਦਾ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨੀ ਦੁਰਲੱਭ ਮੂਲ ਪੁਰਾਲੇਖ ਸਮੱਗਰੀ ਨੂੰ ਪ੍ਰਦਰਸ਼ਿਤ ਕਰਦੀ ਹੋਈ ਪੰਜਾਬ ਤੇ ਸਿੱਖ ਸਾਮਰਾਜ ਨਾਲ ਅੰਤਰਰਾਸ਼ਟਰੀ ਕਲਾਤਮਕ ਅਤੇ ਸਾਹਿਤਕ ਰੁਝੇਵਿਆਂ ਨੂੰ ਦਰਸਾਉਂਦੀ ਹੈ।
ਉਨ੍ਹਾਂ ਦੱਸਿਆ ਕਿ ਸੰਯੁਕਤ ਰਾਜ ਅਮਰੀਕਾ ਅਤੇ ਪੰਜਾਬ ਦੇ ਪੰਜਾਬ ਡਿਜੀਟਲ ਲਾਇਬ੍ਰੇਰੀ ਇੰਟਰਨਾਂ ਦੁਆਰਾ ਤਿਆਰ ਕੀਤੀ ਇਹ ਪ੍ਰਦਰਸ਼ਨੀ ਸੈਲਾਨੀਆਂ ਨੂੰ ਪੰਜਾਬ ਦੀ ਸ਼ਾਹੀ ਵਿਰਾਸਤੀ ਮਾਹੌਲ ਵਿੱਚ ਮੂਲ ਦਸਤਾਵੇਜ਼ਾਂ, ਇਤਿਹਾਸਕ ਕਲਾਕ੍ਰਿਤੀਆਂ ਅਤੇ ਘੱਟ ਵੇਖੇ ਜਾਣ ਵਾਲੇ ਦ੍ਰਿਸ਼ਟੀਕੋਣਾਂ ਦਾ ਅਨੁਭਵ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦੀ ਹੈ, ਜਿਸ ਨਾਲ ਅਤੀਤ ਅਤੇ ਵਰਤਮਾਨ ਵਿਚਕਾਰ ਇੱਕ ਅਰਥਪੂਰਨ ਸਬੰਧ ਬਣਦਾ ਹੈ।
ਦਲਬੀਰ ਸਿੰਘ ਨੇ ਹੋਰ ਦੱਸਿਆ ਕਿ ਪੰਜਾਬ ਡਿਜੀਟਲ ਲਾਇਬ੍ਰੇਰੀ ਪੰਜਾਬ ਦੀ ਅਮੀਰ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਦੀ ਸੰਭਾਲ ਅਤੇ ਪ੍ਰਸਾਰ ਨੂੰ ਸਮਰਪਿਤ ਹੈ ਅਤੇ ਸਾਡੇ ਕੋਲ 100 ਮਿਲੀਅਨ ਪੰਨਿਆਂ ਦੇ ਡਿਜੀਟਾਈਜ਼ੇਸ਼ਨ ਦੇ ਨਾਲ, ਪੀਡੀਐਲ ਦੁਨੀਆ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਭੰਡਾਰ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਇਤਿਹਾਸ, ਯਾਦ ਅਤੇ ਸੱਭਿਆਚਾਰਕ ਅਮੀਰੀ ਨੂੰ ਦੁਨੀਆ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਇੱਥੇ ਹੀ ਪੰਜਾਬੀ ਯੂਨੀਵਰਸਿਟੀ ਦੇ ਉਦਮਤਾ, ਨਵੀਨਤਾ ਅਤੇ ਕਰੀਅਰ ਹੱਬ ਵੱਲੋਂ ਉਪ ਸਮੂਹ ਪੇਂਡੂ ਸੈਰ ਸਪਾਟਾ ਤੇ ਰਵਾਇਤੀ ਕਲਾਵਾਂ ਤਹਿਤ ਵਿਦਿਆਰਥੀਆਂ ਦੁਆਰਾ ਬਣਾਈਆਂ ਰਵਾਇਤੀ ਵਸਤੂਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ