
ਫਤਿਹਗੜ੍ਹ ਸਾਹਿਬ, 24 ਫਰਵਰੀ (ਹਿੰ.ਸ.)। ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਕਾਇਆਕਲਪ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਣਗੇ ਜਿਸ ਨਾਲ ਹਲਕੇ ਦੀ ਨੁਹਾਰ ਬਦਲੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਹਲਕਾ ਬੱਸੀ ਪਠਾਣਾਂ ਦੇ ਪਿੰਡਾਂ ਨੂੰ ਜਾਣ ਵਾਲੀਆਂ ਵੱਖ-ਵੱਖ ਸੜਕਾਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।
ਵਿਧਾਇਕ ਰੁਪਿੰਦਰ ਹੈਪੀ ਨੇ ਕਿਹਾ ਕਿ ਚੁੰਨੀ ਤੋਂ ਮੋਰਿੰਡਾ 08 ਕਰੋੜ 04 ਲੱਖ, ਸੰਧਾਰੀ ਮਾਜਰਾ ਤੋਂ ਮਾਜਰੀ 54.22 ਲੱਖ, ਫਰਾਰ ਅੰਮ੍ਰਿਤ ਪੈਲੇਸ ਤੋਂ ਬਰਵਾਲੀ 162.28 ਲੱਖ, ਸਤਸੰਗ ਘਰ ਤੋਂ ਕਕਰਾਲਾ 127.89 ਲੱਖ, ਮਨੈਲਾ ਕਲੋਨੀ ਤੋਂ ਬਦੇਸ਼ਾਂ 79.93 ਲੱਖ ਅਤੇ ਮਨੈਲਾ ਸਕੂਲ ਤੋਂ ਸ਼ਮਸ਼ਪੁਰ ਸਿੰਘਾ 48.60 ਲੱਖ ਰੁਪਏ ਕੁੱਲ 12 ਕਰੋੜ 76 ਲੱਖ ਦੀ ਲਾਗਤ ਨਾਲ ਬਨਣ ਵਾਲੀਆਂ ਸੜਕਾਂ ਦਾ ਨਿਰਮਾਣ ਅਰਸੇ ਤੋਂ ਲੰਬਿਤ ਪਿਆ ਸੀ, ਜਿਸਦੀ ਹੁਣ ਸ਼ੁਰੂਆਤ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੂੰ ਸੜਕਾਂ ਨਾ ਬਣਨ ਕਰਕੇ ਆਵਾਜਾਈ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬਰਸਾਤ ਦੇ ਦਿਨਾਂ ਵਿੱਚ ਹਾਲਤ ਹੋਰ ਵੀ ਨਾਜੁਕ ਹੋ ਜਾਂਦੇ ਹਨ, ਹੁਣ ਸੜਕ ਨਿਰਮਾਣ ਦਾ ਕੰਮ ਸ਼ੁਰੂ ਹੋਣ ਨਾਲ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਵਿਧਾਇਕ ਰੁਪਿੰਦਰ ਹੈਪੀ ਨੇ ਕਿਹਾ ਕਿ ਇਲਾਕੇ ਵਿੱਚ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਜਾਰੀ ਰਹਿਣਗੇ ਅਤੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਰਾਜ ਪੁਰੀ ਹਲਕਾ ਸੰਗਠਨ ਇੰਚਾਰਜ, ਹਰਜੀਤ ਸਿੰਘ ਬਲਾਕ ਪ੍ਰਧਾਨ, ਬਲਵਿੰਦਰ ਸਿੰਘ ਸਮੇਤ ਹੋਰ ਸਖ਼ਸ਼ੀਅਤਾਂ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ