
ਖੰਨਾ, 24 ਫਰਵਰੀ (ਹਿੰ.ਸ.)। ਖੰਨਾ 'ਚ 'ਪੰਜਾਬ ਸਖੀ ਸ਼ਕਤੀ ਮੇਲੇ' ਵਿੱਚ ਪੁੱਜੇ ਮਸ਼ਹੂਰ ਪੰਜਾਬੀ ਗਾਇਕ ਅਲਾਪ ਸਿਕੰਦਰ ਨੇ ਬੀਤੀ ਰਾਤ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਮੇਲੇ ਵਿੱਚ ਆਏ ਵੱਡੀ ਗਿਣਤੀ ਵਿੱਚ ਦਰਸ਼ਕਾਂ ਦਾ ਸਵਾਗਤ ਕਰਦਿਆਂ ਹੋਇਆ ਆਪਣੇ ਹਿੱਟ ਗੀਤਾਂ ਨਾਲ ਮੇਲੇ ਦੀ ਸ਼ੁਰੂਆਤ ਕੀਤੀ ਅਤੇ ਦਰਸ਼ਕਾਂ ਨੂੰ ਖੂਬ ਨਚਾਇਆ। ਗਾਇਕ ਅਲਾਪ ਸਿਕੰਦਰ ਨੇ ਆਪਣੇ ਪਿਤਾ ਮਰਹੂਮ ਗਾਇਕ ਸਰਦੂਲ ਸਿਕੰਦਰ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਕਈ ਹਿੱਟ ਗੀਤ ਗਾ ਕੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
ਇੱਥੇ ਕਾਬਲੇ ਗੌਰ ਹੈ ਕਿ 24 ਫਰਵਰੀ ਨੂੰ ਗਾਇਕ ਲਾਭ ਹੀਰਾ, 25 ਫਰਵਰੀ ਗਾਇਕ ਜੋੜੀ ਮੀਤ ਕੌਰ-ਦੀਪਕ ਢਿੱਲੋਂ, 26 ਫਰਵਰੀ ਨੂੰ ਗਾਇਕ ਹਰਫ ਚੀਮਾ, 27 ਫਰਵਰੀ ਨੂੰ ਗਾਇਕ ਹਰਭਜਨ ਮਾਨ, 28 ਫਰਵਰੀ ਨੂੰ ਗਾਇਕ ਸਿੱਪੀ ਗਿੱਲ, 1 ਮਾਰਚ ਨੂੰ ਗਾਇਕ ਆਰ. ਨੈਤ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ ਅਤੇ 2 ਮਾਰਚ ਨੂੰ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਚਾਰਟ-ਟੌਪਿੰਗ ਹਿੱਟ ਗੀਤਾਂ ਨਾਲ 'ਪੰਜਾਬ ਸਖੀ ਸ਼ਕਤੀ ਮੇਲੇ' ਦੀ ਸਮਾਪਤੀ ਕਰਨਗੇ। ਹਰ ਸ਼ਾਮ ਇਹ ਮਸ਼ਹੂਰ ਕਲਾਕਾਰ ਦਰਸ਼ਕਾਂ ਨੂੰ ਮੋਹਿਤ ਕਰਨ ਲਈ ਪੰਜਾਬੀ ਲੋਕ, ਸਮਕਾਲੀ ਅਤੇ ਸੂਫੀ ਧੁਨਾਂ ਨੂੰ ਇਕੱਠਾ ਕਰਦੇ ਹੋਏ ਮਨਮੋਹਕ ਪ੍ਰਦਰਸ਼ਨ ਪੇਸ਼ ਕਰਨਗੇ।
ਮਹਿਲਾ ਸ਼ਕਤੀ ਦਾ ਪ੍ਰਤੀਕ ਬਣੇ ਪੰਜਾਬ ਸਖੀ ਸ਼ਕਤੀ ਮੇਲੇ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਖੰਨਾ ਸਵਾਤੀ ਟਿਵਾਣਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ’ਚ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਦੂਰ ਦੁਰਾਡੇ ਤੋਂ ਆਏ ਦਸਤਕਾਰਾਂ ਤੇ ਕਲਾਕਾਰਾਂ ਨੂੰ ਖੰਨਾ ਅਤੇ ਜ਼ਿਲ੍ਹਾ ਲੁਧਿਆਣਾ ਵਾਸੀਆਂ ਵੱਲੋਂ ਭਰਾਵਾਂ ਹੂੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ’ਚ ਵੱਖ-ਵੱਖ ਟੈਂਟਾਂ ’ਚ 200 ਤੋਂ ਸਟਾਲਾਂ ਸਜੀਆਂ ਹੋਈਆਂ ਹਨ, ਜਿੱਥੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਖ਼ਰੀਦੋ ਫ਼ਰੋਖ਼ਤ ਕਰ ਰਹੇ ਹਨ। ਉਨ੍ਹਾਂ ਖੰਨਾ, ਜ਼ਿਲ੍ਹਾ ਲੁਧਿਆਣਾ ਅਤੇ ਪੰਜਾਬ ਵਾਸੀਆਂ ਨੂੰ ਮੇਲੇ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਦੂਰ ਦੁਰਾਡੇ ਤੋਂ ਆਏ ਕਲਾਕਾਰਾਂ ਤੇ ਘਰੇਲੂ ਦਸਤਕਾਰਾਂ/ਹਸਤਕਾਰਾਂ ਦੀ ਹੌਸਲਾ ਅਫ਼ਜ਼ਾਈ ਮੇਲੇ ’ਚ ਸ਼ਾਮਲ ਹੋ ਕੇ ਹੀ ਕੀਤੀ ਜਾ ਸਕਦੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ