
ਚੰਡੀਗੜ੍ਹ, 25 ਫਰਵਰੀ (ਹਿੰ.ਸ.)। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਕਾਂਗਰਸ ਦੇ ਸੀਨਿਅਰ ਆਗੂ ਵੀ ਹੁਣ ਰਾਜ ਵਿਚ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ਦੇ ਸੁਧਾਰ ਲਈ ਕੇਂਦਰ ਸਰਕਾਰ ਨੂੰ ਚਿੱਠੀਆਂ ਲਿਖ ਰਹੇ ਹਨ ਉਸ ਤੋਂ ਇਹ ਤਾਂ ਸਿੱਧ ਹੋ ਗਿਆ ਹੈ ਕਿ ਪੰਜਾਬ ਦੇ ਆਮ ਲੋਕਾਂ ਅਤੇ ਹੋਰ ਸਾਰੀਆਂ ਧਿਰਾਂ ਵਾਂਗ ਹੁਣ ਵਿਰੋਧੀ ਕਾਂਗਰਸ ਨੇ ਵੀ ਮੰਨ ਲਿਆ ਹੈ ਕਿ ਰਾਜ ਦੀ ਗੰਭੀਰ ਹੋਈ ਹਾਲਤ ਨੂੰ ਹੁਣ ਕੇਵਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਜ਼ਬੂਤ ਲੀਡਰਸ਼ਿਪ ਵਿਚ ਭਾਜਪਾ ਹੀ ਸੁਧਾਰ ਸਕਦੀ ਹੈ। ਉਹ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਦੀ ਜ਼ਰੂਰਤ ਹੈ ਜੋ ਫੈਸਲੇ ਲੈਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਦੀ ਹਿੰਮਤ ਰੱਖਦੀ ਹੋਵੇ ਤਾਂਹੀ ਪੰਜਾਬ ਵਿਚੋਂ ਬਦ-ਅਮਨੀ ਨੂੰ ਰੋਕ ਕੇ ਇੱਥੋਂ ਦੇ ਲੋਕਾਂ ਨੂੰ ਸੁਰੱਖਿਅਤ ਮਹੌਲ ਮੁਹੱਈਆ ਕਰਵਾਉਂਦੇ ਹੋਏ ਰਾਜ ਨੂੰ ਤਰੱਕੀ ਦੀ ਰਾਹ ’ਤੇ ਤੋਰਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕੇਵਲ ਭਾਜਪਾ ਹੀ ਕਰ ਸਕਦੀ ਹੈ ਅਤੇ ਇਸਦਾ ਫੈਸਲਾ ਕਰਨਾ ਹੁਣ ਪੰਜਾਬ ਦੇ ਲੋਕਾਂ ਦੇ ਹੱਥ ਹੈ ਕਿ ਉਨ੍ਹਾਂ ਨੇ ਨਿੱਤ ਦਿਨ ਜਾਨ ਗੁਆਉਣ ਦੇ ਡਰ ਵਿਚ ਜਿਉਣਾ ਹੈ ਜਾਂ ਇਕ ਸਾਂਤ ਅਤੇ ਭਾਈਚਾਰਕ ਸਾਂਝ ਵਾਲੇ ਪੰਜਾਬ ਵਿਚ।
ਸੁਨੀਲ ਜਾਖੜ ਨੇ ਕਿਹਾ ਕਿ ਹੁਣ ਇਕ ਗੈਰ ਜ਼ਿੰਮੇਵਾਰ ਅਤੇ ਅਨਾੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਾਰਨ ਰਾਜ ਵਿਚ ਨਾਰਕੋ ਅੱਤਵਾਦ ਹੁਣ ਗੈਂਗਸਟਰ ਨਾਰਕੋ ਅੱਤਵਾਦ ਵਿਚ ਬਦਲ ਗਿਆ ਹੈ। ਗੈਂਗਸਟਰ ਨਵੇਂ ਮੁੰਡਿਆਂ ਨੂੰ ਅਖੌਤੀ ਚਕਾਚੌਂਧ ਵਿਖਾ ਆਪਣੇ ਨਾਲ ਜੋੜਦੇ ਹਨ ਅਤੇ ਇਹੀ ਅੱਗੇ ਫਿਰ ਅੱਤਵਾਦੀਆਂ ਦੇ ਮੋਹਰੇ ਬਣ ਰਾਜ ਨੂੰ ਅੱਤਵਾਦ ਨਾਲ ਦਹਿਸਤਜਦਾ ਕਰਦੇ ਹਨ।
ਉਨ੍ਹਾਂ ਨੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਨਾਕਾਬਲੀਅਤ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਹੈ ਕਿ ਰਾਜ ਵਿਚ ਇੰਟੈਲੀਜੈਂਸ ਨੈਟਵਰਕ ਪੂਰੀ ਤਰਾਂ ਫੇਲ੍ਹ ਹੋ ਗਿਆ ਹੈ ਅਤੇ ਪੁਲਿਸ ਵਾਰਦਾਤ ਹੋ ਜਾਣ ਤੋਂ ਬਾਅਦ ਅਖੌਤੀ ਪੁਲਿਸ ਮੁਕਾਬਲਾ ਕਰਕੇ ਲੋਕਾਂ ਦੀਆਂ ਅੱਖਾਂ ਪੂੰਝਣ ਤੱਕ ਸੀਮਤ ਹੋ ਗਈ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਪਿਛਲੇ ਥੋੜੇ ਸਮੇਂ ਵਿਚ ਹੀ ਪੰਜਾਬ ਵਿਚ ਹੈਂਡ ਗ੍ਰੇਨੇਡ ਹਮਲੇ ਦੀਆਂ ਲਗਭਗ 20 ਵਾਰਦਾਤਾਂ ਹੋ ਚੁੱਕੀਆਂ ਹਨ। ਇਹ ਰਾਜ ਵਿਚ ਵੱਧ ਰਹੇ ਗੈਂਗਸਟਰ, ਨਾਰਕੋ ਅਤੇ ਅੱਤਵਾਦ ਦੇ ਮਿਲਗੋਭੇ ਦਾ ਨਤੀਜਾ ਹੈ ਪਰ ਸੂਬਾ ਸਰਕਾਰ ਇਸ ਨਾਲ ਨਜਿੱਠਣ ਵਿਚ ਪੂਰੀ ਤਰਾਂ ਨਾਲ ਨਾਕਾਮ ਸਿੱਧ ਹੋ ਰਹੀ ਹੈ। ਪਹਿਲਾਂ ਪੰਜਾਬ ਵਿਚ ਏਕੇ 47 ਦਾ ਅੱਤਵਾਦ ਰਿਹਾ ਹੈ ਅਤੇ ਹੁਣ ਇਹ ਹੈਂਡ ਗ੍ਰੈਨੇਡ ਪੰਜਾਬ ਲਈ ਨਿਊ ਨਾਰਮਲ ਬਣ ਗਏ ਹਨ। ਪਰ ਇਸ ਸਾਰੇ ਡਰ ਅਤੇ ਸਹਿਮ ਦਾ ਅਸਰ ਆਮ ਪੰਜਾਬੀ ਤੇ ਪੈ ਰਿਹਾ ਹੈ ਜਿਨ੍ਹਾਂ ਨੂੰ ਜਾਨਮਾਲ ਦਾ ਡਰ ਹਰ ਸਮੇਂ ਸਤਾਉਂਦਾ ਰਹਿੰਦਾ ਹੈ। ਜਦਕਿ ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਵਿਚ ਲਗਾਉਣ ਦੀ ਬਜਾਏ ਆਪ ਪਾਰਟੀ ਦੇ ਆਗੂਆਂ ਦੇ ਪ੍ਰੀ ਵੈਡਿੰਗ ਵੀਡੀਓਗ੍ਰਾਫੀ ਸੂਟ ਵਿਚ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੋਗਾ ਦੀ ਰੈਲੀ ਵਿਚ ਮੁੱਖ ਸਕੱਤਰ ਅਤੇ ਡੀਜੀਪੀ ਦਾ ਭਾਸ਼ਣ ਦੇਣਾ ਅਤੇ ਬਾਅਦ ਵਿਚ ਇਸ ਨੂੰ ਸਰਕਾਰੀ ਪ੍ਰੋਗਰਾਮ ਦੱਸਣਾ ਪੂਰੀ ਤਰਾਂ ਹਾਸੋਹੀਣਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਦਾ ਉਸ ਦਿਨ ਦਾ ਟਵੀਟ ਮੀਡੀਆ ਨੂੰ ਵਿਖਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਇਸ ਰੈਲੀ ਨੂੰ ਆਮ ਆਦਮੀ ਪਾਰਟੀ ਦੀ ਰੈਲੀ ਕਿਹਾ ਸੀ। ਫਿਰ ਰਾਜ ਦੇ ਸਿਵਲ ਤੇ ਪੁਲਿਸ ਦੇ ਸਭ ਤੋਂ ਵੱਡੇ ਅਧਿਕਾਰੀ ਕਿਸ ਹੈਸੀਅਤ ਵਿਚ ਇਸ ਰੈਲੀ ਵਿਚ ਬੋਲੇ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਇਸ ਸਮੇਂ ਵਿਰੋਧੀ ਧਿਰ ਕਾਂਗਰਸ ਤਾਂ ਪੂਰੀ ਤਰਾਂ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਆਤਮ-ਸਮਰਪਨ ਕਰ ਚੁੱਕੀ ਹੈ ਅਤੇ ਉਸਦਾ ਕੋਈ ਵੀ ਆਗੂ ਅਵਾਜ ਉਠਾਉਣ ਦੀ ਹਿੰਮਤ ਨਹੀਂ ਵਿਖਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਚ ਪੰਜਾਬ ਦੇ ਲੋਕਾਂ ਨੂੰ ਹੀ ਆਪਣੇ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣ ਦਾ ਸੰਕਲਪ ਲੈਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਰਾਜ ਨੂੰ ਇਸ ਦਲਦਲ ਵਿਚੋਂ ਕੱਢ ਸਕਦੀ ਹੈ ਪਰ ਇਸ ਲਈ ਰਾਜ ਦੇ ਲੋਕਾਂ ਨੂੰ ਹੀ ਚੋਣਾਂ ਵਿਚ ਪਾਰਟੀ ਦੀ ਚੋਣ ਕਰਨੀ ਹੋਵੇਗੀ ਤਾਂ ਹੀ ਗੈਰ ਸੰਜੀਦਾ, ਅਨੁਭਵਹੀਣ ਆਪ ਸਰਕਾਰ ਦੇ ਕੁਸਾਸ਼ਨ ਤੋਂ ਪਿੱਛਾ ਛੁੱਟ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ