
ਤਰਨ ਤਾਰਨ, 26 ਫਰਵਰੀ (ਹਿੰ.ਸ.)। ਐਨ. ਐਮ. ਈ. ਓ (ਤੇਲਬੀਜ) ਸਕੀਮ ਅਧੀਨ ਜ਼ਿਲ੍ਹਾ ਤਰਨਤਾਰਨ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਤੇਜਬੀਰ ਸਿੰਘ ਭੰਗੂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਲਗਾਈ ਗਈ। ਇਸ ਟ੍ਰੇਨਿੰਗ ਵਿਚ ਬਲਾਕ ਖੇਤੀਬਾੜੀ ਅਫ਼ਸਰ ਭੁਪਿੰਦਰ ਸਿੰਘ, ਮਾਲਵਿੰਦਰ ਸਿੰਘ, ਅਮਰਦੀਪ ਸਿੰਘ ਤੋਂ ਇਲਾਵਾ ਵਿਕਰਮ ਸੂਦ ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਵੱਡੀ ਗਿਣਤੀ ਵਿੱਚ ਹਾਜ਼ਰ ਕਿਸਾਨਾਂ ਨੂੰ ਤੇਲਬੀਜ ਫ਼ਸਲਾਂ ਦੀਆਂ ਕਿਸਮਾਂ ਅਤੇ ਉਨ੍ਹਾਂ ਦੇ ਫਾਇਦਿਆਂ ਬਾਰੇ ਵਿਸ਼ੇਸ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਲਬੀਜ ਫ਼ਸਲਾਂ ਅਧੀਨ ਵੱਧ ਤੋਂ ਵੱਧ ਰਕਬਾ ਵਧਾਇਆ ਜਾਵੇ, ਤਾਂ ਜੋ ਰਵਾਇਤੀ ਫ਼ਸਲੀ ਚੱਕਰ ਤੋਂ ਬਾਹਰ ਆ ਕੇ ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰ ਸਕਣ।
ਇਸ ਕੈਂਪ ਵਿਚ ਨਵਜੋਤ ਸਿੰਘ ਬਰਾੜ ਕੇ. ਵੀ. ਕੇ, ਬੂਹ ਤਰਨ ਤਾਰਨ ਨੇ ਵੀ ਕਿਸਾਨਾਂ ਨਾਲ ਤੇਲਬੀਜ ਫ਼ਸਲਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਖੇਤੀਬਾੜੀ ਵਿਕਾਸ ਅਫਸਰ ਬਲਾਕ ਪੱਟੀ ਹਰਮਨਦੀਪ ਕੌਰ ਵੱਲੋ ਕਿਸਾਨਾਂ ਨੂੰ ਮਿੱਟੀ ਪਰਖ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ ਵੱਲੋਂ ਕਿਸਾਨਾਂ ਨੂੰ ਕਣਕ ਦੀ ਫ਼ਸਲ ਨੂੰ ਵੱਧ ਰਹੀ ਗਰਮੀ ਦੇ ਪ੍ਰਭਾਵ ਤੋਂ ਬਚਾਉਣ ਲਈ ਐਨ. ਪੀ. ਕੇ 13:0:45 ਅਤੇ ਟਿਲਟ ਦੀਆਂ ਕਿੱਟਾਂ ਵੰਡੀਆਂ ਗਈਆਂ। ਟ੍ਰੇਨਿੰਗ ਵਿਚ ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਵਿਸਥਾਰ ਅਫ਼ਸਰ ਅਤੇ ਬਲਾਕ ਟੈਕਨਾਲੋਜੀ ਮੈਨੇਜਰ (ਆਤਮਾ) ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ