
ਚੰਡੀਗੜ੍ਹ, 26 ਫਰਵਰੀ (ਹਿੰ.ਸ.)। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪ ਲਾਪਤਾ ਹੋਣ ਦੇ ਮਾਮਲੇ ਦੀ ਜਾਂਚ ਨੂੰ ਤੇਜ਼ ਅਤੇ ਨਿਰਪੱਖ ਢੰਗ ਨਾਲ ਅੱਗੇ ਵਧਾਉਣ ਲਈ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਹੈ। ਜ਼ਿਕਯੋਗ ਹੈ ਕਿ ਇਹ ਮਾਮਲਾ ਪੁਲਿਸ ਸਟੇਸ਼ਨ ‘ਸੀ’ ਡਿਵੀਜ਼ਨ, ਅੰਮ੍ਰਿਤਸਰ ਵਿਚ ਐਫ.ਆਈ.ਆਰ. ਨੰਬਰ 168 ਤਹਿਤ 7 ਦਸੰਬਰ 2025 ਨੂੰ ਦਰਜ ਕੀਤਾ ਗਿਆ ਸੀ। ਮਾਮਲਾ ਆਈ.ਪੀ.ਸੀ. ਦੀਆਂ ਧਾਰਾਵਾਂ 295, 295-ਏ, 409, 465 ਅਤੇ 120-ਬੀ ਅਧੀਨ ਦਰਜ ਹੈ।ਪੰਜਾਬ ਬਿਊਰੋ ਆਫ਼ ਇੰਸਵੈਸਟੀਗੇਸ਼ਨ ਦੇ ਮੁਖੀ ਐਲ.ਕੇ.ਯਾਦਵ ਦੇ ਦਸਤਖਤਾਂ ਹੇਠ ਇੱਕ ਪੱਤਰ ਜਾਰੀ ਕੀਤਾ ਗਿਆ। ਇਸ ਨਵੀਂ ਟੀਮ ਦੀ ਅਗਵਾਈ ਰੋਪੜ ਰੇਂਜ ਦੇ ਡੀਆਈਜੀ ਨਾਨਕ ਸਿੰਘ ਕਰਨਗੇ, ਜਿਨ੍ਹਾਂ ਨੂੰ ਇਸ ਵਿਸ਼ੇਸ ਜਾਂਚ ਟੀਮ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ ਐੱਸ.ਐੱਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਆਈਪੀਐਸ, ਐਸਪੀ ਡਿਟੈਕਟਿਵ ਪਟਿਆਲਾ ਗੁਰਬੰਸ ਸਿੰਘ ਬੈਂਸ ਪੀਪੀਐਸ, ਐਸਪੀ ਸਪੈਸ਼ਲ ਬ੍ਰਾਂਚ ਮੋਹਾਲੀ ਸੁਖਨਾਜ਼ ਸਿੰਘ ਪੀਪੀਐਸ, ਏਸੀਪੀ ਅੰਮ੍ਰਿਤਸਰ ਹਰਮਿੰਦਰ ਸਿੰਘ ਪੀਪੀਐਸ ਅਤੇ ਸਬ-ਇੰਸਪੈਕਟਰ ਰਾਜਵੰਤ ਕੌਰ ਨੂੰ ਮੈਂਬਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪਹਿਲਾਂ ਦੀ ਤਰ੍ਹਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਤੇ ਉਨ੍ਹਾਂ ਦੀ ਟੀਮ ਇਸ ਵਿਸ਼ੇਸ ਜਾਂਚ ਟੀਮ ਨੂੰ ਹਰ ਤਰ੍ਹਾਂ ਦੀ ਲੌਜਿਸਟਿਕਲ ਅਤੇ ਪ੍ਰਸ਼ਾਸਕੀ ਸਹਾਇਤਾ ਪ੍ਰਦਾਨ ਕਰਨਗੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ