
ਚੰਡੀਗੜ੍ਹ, 26 ਫਰਵਰੀ (ਹਿੰ.ਸ.)। ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦੇ ਕਾਰੋਬਾਰੀ ਮੈਨੇਜਰ ਨੂੰ ਵਿਦੇਸ਼ੀ ਨੰਬਰ ਤੋਂ 10 ਕਰੋੜ ਰੁਪਏ ਦੀ ਫਿਰੌਤੀ ਕਾਲ ਆਉਣ ਦੀ ਸੂਚਨਾ ਹੈ। ਇਸ ਸਬੰਧ ਵਿਚ ਲੁਧਿਆਣਾ ਦੀ ਸਰਾਭਾ ਨਗਰ ਪੁਲਿਸ ਨੇ ਮੈਨੇਜ਼ਰ ਹਰਵਿੰਦਰ ਸਿੰਘ ਉਰਫ਼ ਹਾਰਡੀ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਮਾਮਲਾ ਦਰਜ ਕਰ ਲਿਆ ਹੈ।ਜਾਣਕਾਰੀ ਅਨੁਸਾਰ ਨਾਮੀ ਲਾਰੈਂਸ ਬਿਸ਼ਨੋਈ ਗੈਂਗ ਦੇ ਕਾਰਕੁਨ ਹੈਰੀ ਬਾਕਸਰ ਨੇ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦੇ ਦੋਸਤ ਹਰਵਿੰਦਰ ਸਿੰਘ ਨੂੰ ਵਟਸਐਪ ਰਾਹੀਂ ਧਮਕੀ ਦਿੱਤੀ ਹੈ ਅਤੇ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਫ਼ਿਰੌਤੀ ਲਈ ਇਹ ਧਮਕੀ ਭਰੀਆਂ ਕਾਲਾਂ ਉਸਨੂੰ 14 ਫਰਵਰੀ ਤੋਂ ਹੁਣ ਤੱਕ ਮਿਲ ਰਹੀਆਂ ਹਨ। ਪੈਸੇ ਦੀ ਮੰਗ ਕਰਨ ਵਾਲੇ ਨੇ ਗਾਇਕ ਤੇ ਉਸਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ, ਲੁਧਿਆਣਾ ਦਾ ਰਹਿਣ ਵਾਲਾ ਹਰਵਿੰਦਰ ਸਿੰਘ, ਗਾਇਕ ਪਰਮੀਸ਼ ਵਰਮਾ ਦਾ ਸਾਥੀ ਹੈ। ਹਰਵਿੰਦਰ ਸਿੰਘ ਨੂੰ ਕਈ ਵਟਸਐਪ ਕਾਲਾਂ ਅਤੇ ਮੈਸੇਜ ਆਏ। ਕਾਲ ਕਰਨ ਵਾਲੇ ਨੇ ਆਪਣੀ ਪਛਾਣ ਲਾਰੈਂਸ ਬਿਸ਼ਨੋਈ ਗੈਂਗ ਦੇ ਹੈਰੀ ਬਾਕਸਰ ਵਜੋਂ ਦੱਸੀ। ਕਾਲ ਕਰਨ ਵਾਲੇ ਨੇ ਧਮਕੀ ਦਿੱਤੀ ਕਿ ਜੇਕਰ ਉਹ ਆਪਣੀ ਸੁਰੱਖਿਆ ਚਾਹੁੰਦਾ ਹੈ ਤਾਂ 10 ਕਰੋੜ ਰੁਪਏ ਦੇਵੇਗਾ, ਨਹੀਂ ਤਾਂ ਗੋਲੀਆਂ ਉਨ੍ਹਾਂ ਦਾ ਪਿੱਛਾ ਨਹੀਂ ਛੱਡਣਗੀਆਂ।ਮਾਮਲੇ ਦੀ ਗੰਭੀਰਤਾ ਅਤੇ ਉੱਚ-ਪ੍ਰੋਫਾਈਲ ਸ਼ਖਸੀਅਤ ਨਾਲ ਜੁੜੇ ਹੋਣ ਕਾਰਨ, ਲੁਧਿਆਣਾ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਸ਼ਿਕਾਇਤ ਦੇ ਆਧਾਰ 'ਤੇ, ਸਰਾਭਾ ਨਗਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਪਰਮੀਸ਼ ਵਰਮਾ 'ਤੇ ਪਹਿਲਾਂ ਵੀ ਹਮਲਾ ਹੋ ਚੁੱਕਾ ਹੈ। ---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ