
ਕੋਟਕੂਪਰਾ, 26 ਫਰਵਰੀ (ਹਿੰ.ਸ.)। ਹਲਕਾ ਕੋਟਕਪੂਰਾ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਨਿਰਵਿਘਨ ਕਰਨ ਅਤੇ ਪਾਣੀ ਦੀ ਘਾਟ ਨੂੰ ਦੂਰ ਕਰਨ ਦੇ ਮੰਤਵ ਨਾਲ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਸਥਿਤ ਵਾਟਰ ਵਰਕਸ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ।
ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਕਿ ਪਹਿਲਾਂ ਹੀ ਪੀਣ ਵਾਲੇ ਪਾਣੀ ਦੀ ਸਮੱਸਿਆਂ ਨੂੰ ਦੂਰ ਕਰਨ ਲਈ ਜੈਤੋ ਰੋਡ ਉਪਰ ਸਥਿਤ ਸੂਏ ਉਪਰ ਰੈਗੂਲੇਟਰ ਲਗਾ ਕੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਪਰ ਹੁਣ ਪਾਣੀ ਦੀ ਬਿਨਾਂ ਰੁਕਾਵਟ ਸਪਲਾਈ ਦੇਣ ਦੇ ਮੰਤਵ ਨਾਲ ਵਾਟਰ ਵਰਕਸ ਦੀ ਸਟੋਰੇਜ ਸਮਰੱਥਾ ਵਧਾਉਣ ਬਾਰੇ ਅੱਜ ਵਿਚਾਰ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਤੇ ਲੰਮਾ ਸਮਾਂ ਲੱਗ ਸਕਦਾ ਹੈ। ਇਸ ਲਈ ਘੱਟ ਸਮੇਂ ਵਿੱਚ ਕੰਮ ਕਰਕੇ ਪਾਣੀ ਦੀ ਸਪਲਾਈ ਚਾਲੂ ਰੱਖਣ ਲਈ ਖਰਾਬ ਮੋਟਰਾਂ ਅਤੇ ਹੋਰ ਉਪਕਰਨਾਂ ਨੂੰ ਠੀਕ ਕਰਵਾਉਣ ਦੇ ਅੱਜ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਜਿੱਥੇ ਗੰਦਾ ਪਾਣੀ ਰਲਦਾ ਸੀ ਦੀ 6.50 ਕਰੋੜ ਰੁਪਏ ਦੀ ਲਾਗਤ ਨਾਲ ਰਿਪੇਅਰ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਲੋਕਾਂ ਦੀ ਸਹੂਲਤ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ