
ਚੰਡੀਗੜ੍ਹ, 26 ਫਰਵਰੀ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਦੀ ਸੁਰੱਖਿਆ ਇਸ ਕਰਕੇ ਵਾਪਸ ਲੈਣ ਦੀ ਨਿਖੇਧੀ ਕੀਤੀ ਕਿ ਉਹ ਹਾਲ ਹੀ ਵਿਚ ਪਿੰਡ ਬਾਦਲ ਵਿਖੇ ਉਨ੍ਹਾਂ ਦੀ ਰਿਹਾਇਸ਼ ’ਤੇ ਉਨ੍ਹਾਂ ਨੂੰ ਮਿਲੇ ਸਨ।
ਇੱਥੇ ਜਾਰੀ ਕੀਤੇ ਇਕ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸੇ ਤਰੀਕੇ ਨਾਨਕਸਰ ਸੰਪਰਦਾ ਦੇ ਮੁਖੀ ਬਾਬਾ ਘਾਲਾ ਸਿੰਘ ਦੀ ਸੁਰੱਖਿਆ ਉਸ ਵੇਲੇ ਵਾਪਸ ਲੈ ਲਈ ਗਈ ਜਦੋਂ ਉਹ ਉਨ੍ਹਾਂ ਨੂੰ ਮਿਲੇ ਸਨ ਅਤੇ ਲੋਕਾਂ ਨੂੰ ਅਕਾਲੀ ਦਲ ਦੀ ਹਮਾਇਤ ਦੀ ਅਪੀਲ ਕੀਤੀ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਗਾਇਕ ਜੋਰਡਨ ਸੰਧੂ ਦੀ ਸੁਰੱਖਿਆ ਵੀ ਇਸੇ ਕਾਰਨ ਵਾਪਸ ਲੈ ਲਈ ਗਈ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਲਾਕਾਰ ਅਤੇ ’ਸੰਪਰਦਾਵਾਂ’ ਦੇ ਮੁਖੀ ਬਹੁਤ ਸਤਿਕਾਰਯੋਗ ਹਨ ਜਿਨ੍ਹਾਂ ਲਈ ਸੁਰੱਖਿਆ ਦਾ ਗੰਭੀਰ ਖ਼ਤਰਾ ਬਣਿਆ ਰਹਿੰਦਾ ਹੈ ਤੇ ਖਾਸ ਤੌਰ ’ਤੇ ਕਲਾਕਾਰਾਂ ਨੂੰ ਗੈਂਗਸਟਰ ਤੇ ਫਿਰੌਤੀਆਂ ਵਸੂਲਣ ਵਾਲੇ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕਲਾਕਾਰਾਂ ਤੇ ਹੋਰ ਸ਼ਖਸੀਅਤਾਂ ਨੂੰ ਉਨ੍ਹਾਂ ਦੇ ਮੁਤਾਬਕ ਚੱਲਣ ਵਾਸਤੇ ਸੁਰੱਖਿਆ ਕਵਰ ਨੂੰ ਇਕ ਸਿਆਸੀ ਹਥਿਆਰ ਵਜੋਂ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਨ੍ਹਾਂ ਦਾ ਕਹਿਣਾ ਨਹੀਂ ਮੰਨਦਾ ਜਾਂ ਫਿਰ ਅਕਾਲੀ ਦਲ ਨਾਲ ਮੀਟਿੰਗ ਕਰਦਾ ਜਾਂ ਹਮਾਇਤ ਦਿੰਦਾ ਵਿਖਾਈ ਦਿੰਦਾ ਹੈ ਤਾਂ ਉਸਦੀ ਸੁਰੱਖਿਆ ਵਾਪਸ ਲੈ ਕੇ ਉਸਦੀ ਜਾਨ ਜ਼ੋਖ਼ਮ ਵਿਚ ਪਾ ਦਿੱਤੀ ਜਾਂਦੀ ਹੈ।
ਬਾਦਲ ਨੇ ਕਿਹਾ ਕਿ ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਇਸੇ ਨੀਤੀ ਦਾ ਨਤੀਜਾ ਸੀ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਪ ਸਰਕਾਰ ਨੇ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਬਕ ਨਹੀਂ ਲਿਆ। ਉਨ੍ਹਾਂ ਕਿਹਾ ਕਿ ਉਹ ਸਿਆਸੀ ਹਥਿਆਰ ਵਜੋਂ ਵਰਤ ਕੇ ਲੋਕਾਂ ਦੀ ਜਾਨ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਇਸਦੀ ਸਖ਼ਤ ਨਿਖੇਧੀ ਕਰਦੇ ਹਨ ਅਤੇ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਜੇਕਰ ਕਲਾਕਾਰਾਂ ਜਾਂ ਹੋਰ ਸ਼ਖਸੀਅਤਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਮੁੱਖ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਇਹ ਮਾਮਲਾ ਪੰਜਾਬ ਦੇ ਰਾਜਪਾਲ ਕੋਲ ਚੁੱਕਣਗੇ ਤਾਂ ਜੋ ਆਪ ਸਰਕਾਰ ਨੂੰ ਬਦਲਾਖੋਰੀ ਦੀ ਨੀਤੀ ਅਪਣਾਉਣ ਤੋਂ ਰੋਕਿਆ ਜਾ ਸਕੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ