(ਅਪਡੇਟ) ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਨੂੰ ਸਰਵਿਸ ਤੋਂ ਕੀਤਾ ਰਿਟਾਇਰ
ਅੰਮ੍ਰਿਤਸਰ, 26 ਫਰਵਰੀ (ਹਿੰ.ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਚੇਚੀ ਇਕੱਤਰਤਾ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਦਿੱਤੇ ਗਏ 72 ਘੰਟੇ ਦਾ ਨੋਟਿਸ ਦਾ ਮਾਮਲਾ ਵਿਚਾਰਿਆ ਗਿਆ।
ਮੀਡੀਆ ਨੂੰ ਸੰਬੋਧਨ ਕਰਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ।


ਅੰਮ੍ਰਿਤਸਰ, 26 ਫਰਵਰੀ (ਹਿੰ.ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਚੇਚੀ ਇਕੱਤਰਤਾ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਦਿੱਤੇ ਗਏ 72 ਘੰਟੇ ਦਾ ਨੋਟਿਸ ਦਾ ਮਾਮਲਾ ਵਿਚਾਰਿਆ ਗਿਆ। ਇਸ ਇਕੱਤਰਤਾ ਦੌਰਾਨ ਗੰਭੀਰ ਵਿਚਾਰ-ਵਟਾਂਦਰੇ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ’ਤੇ ਲਗਾਏ ਗਏ ਇਲਜ਼ਾਮਾਂ ਦੇ ਕੋਈ ਵੀ ਸਬੂਤ ਪੇਸ਼ ਨਾ ਕੀਤੇ ਜਾਣ ਅਤੇ ਨਿਯਮਾਂ ਦੀ ਅਣਦੇਖੀ ਕਰਕੇ ਪ੍ਰਬੰਧ ਸਬੰਧੀ ਮੁੜ ਸਵਾਲ ਖੜ੍ਹੇ ਕਰਨ ਕਰਕੇ ਉਨ੍ਹਾਂ ਨੂੰ ਸਰਵਿਸ ਤੋਂ ਰਿਟਾਇਰ ਕਰਨ ਦਾ ਫੈਸਲਾ ਕੀਤਾ ਗਿਆ।

ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬੀਤੇ ਦਿਨੀਂ ਪ੍ਰੈੱਸ ਕਾਨਫ਼ਰੰਸ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਖਿਲਾਫ਼ ਇਲਜ਼ਾਮ ਲਗਾ ਕੇ ਬਦਨਾਮੀ ਕੀਤੀ ਸੀ, ਜਿਸ ਲਈ ਉਨ੍ਹਾਂ ਨੂੰ 19 ਫ਼ਰਵਰੀ ਦੀ ਅੰਤ੍ਰਿੰਗ ਕਮੇਟੀ ਦੇ ਫੈਸਲੇ ਅਨੁਸਾਰ 72 ਘੰਟੇ ਦਾ ਨੋਟਿਸ ਦੇ ਕੇ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਹੈ। ਪ੍ਰੰਤੂ ਉਨ੍ਹਾਂ ਨੀਅਤ ਸਮੇਂ ਵਿਚ ਕੋਈ ਵੀ ਸਬੂਤ ਪੇਸ਼ ਨਹੀਂ ਕੀਤੇ, ਸਗੋਂ ਸਰਵਿਸ ਨਿਯਮਾਂ ਦੀ ਅਣਦੇਖੀ ਕਰਕੇ ਪ੍ਰਬੰਧ ਸਬੰਧੀ ਮੁੜ ਸਵਾਲ ਖੜ੍ਹੇ ਕਰ ਦਿੱਤੇ।

ਅੱਜ ਦੀ ਅੰਤ੍ਰਿੰਗ ਕਮੇਟੀ ਨੇ ਮਹਿਸੂਸ ਕੀਤਾ ਹੈ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪ੍ਰੈੱਸ ਵਿਚ ਜਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਨੂੰ ਬਦਨਾਮ ਕੀਤਾ, ਜਿਸ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੇ ਅਹੁਦੇ ਦੀ ਮਾਣ-ਮਰਿਯਾਦਾ ਨੂੰ ਵੀ ਢਾਹ ਲੱਗੀ ਹੈ। ਗਿਆਨੀ ਰਘਬੀਰ ਸਿੰਘ ਦਾ ਪ੍ਰੈੱਸ ਵਿਚ ਬਿਆਨੀਆ ਸ਼੍ਰੋਮਣੀ ਕਮੇਟੀ ਦੇ ਸੇਵਾ ਨਿਯਮਾਂ ਦੀ ਵੀ ਉਲੰਘਣਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵੇਰੇ-ਸ਼ਾਮ ਦੀ ਆਪਣੀ ਸੇਵਾ ਵੀ ਬਹੁਤ ਘੱਟ ਨਿਭਾਉਣ ਕਰਕੇ ਇਹ ਮੁੱਖ ਗ੍ਰੰਥੀ ਦੇ ਸਤਿਕਾਰਤ ਅਤੇ ਜ਼ੁੰਮੇਵਾਰ ਅਹੁਦੇ ਨਾਲ ਇਨਸਾਫ਼ ਨਹੀਂ ਕਰ ਰਹੇ। ਇਸ ਸਭ ਦੇ ਮੱਦੇਨਜ਼ਰ ਅੱਜ ਦੀ ਅੰਤ੍ਰਿੰਗ ਕਮੇਟੀ ਵਿਚ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸਰਵਿਸ ਤੋਂ ਰਿਟਾਇਰ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਜਾਇਦਾਦਾਂ ਦੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਵਿਰੁੱਧ ਕੁਝ ਲੋਕਾਂ ਵੱਲੋਂ ਝੂਠਾ ਬਿਰਤਾਂਤ ਸਿਰਜ ਕੇ ਸੰਗਤ ਵਿਚ ਭਰਮ ਭੁਲੇਖਾ ਪੈਦਾ ਕੀਤਾ ਜਾ ਰਿਹਾ ਹੈ, ਪ੍ਰੰਤੂ ਸਚਾਈ ਇਹ ਹੈ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਜਿਥੇ ਵੱਡੀ ਪੱਧਰ ’ਤੇ ਜਾਇਦਾਦਾਂ ਦੀ ਖਰੀਦ ਕੀਤੀ ਹੈ, ਉਥੇ ਹੀ ਗੁਰਦੁਆਰਾ ਸਾਹਿਬਾਨ, ਸ਼੍ਰੋਮਣੀ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੀਆਂ ਵਿੱਤੀ ਜਮ੍ਹਾਂ ਪੂੰਜੀ ਵਿਚ ਵੀ ਵੱਡਾ ਵਾਧਾ ਦਰਜ ਹੋਇਆ ਹੈ। ਉਨ੍ਹਾਂ ਵੇਰਵਿਆਂ ਦਿੰਦਿਆਂ ਦੱਸਿਆ ਕਿ ਸਾਲ 2020-2021 ਤੋਂ 2025-2026 ਦੌਰਾਨ ਜਿਥੇ 111 ਕਰੋੜ ਦੇ ਕਰੀਬ ਜਾਇਦਾਦ ਦੀ ਖਰੀਦੀ ਗਈ, ਉਥੇ ਹੀ ਗੁਰਦੁਆਰਿਆਂ ਦੇ ਬਜਟ ਵਿਚ 577 ਕਰੋੜ ਤੋਂ 1120 ਕਰੋੜ ਰੁਪਏ ਤੱਕ ਦਾ ਵਾਧਾ ਹੋਇਆ। ਉਨ੍ਹਾਂ ਐਫਡੀਆਰ ਦੇ ਸਬੰਧ ਵਿਚ ਵੇਰਵੇ ਦਿੰਦਿਆਂ ਦੱਸਿਆ ਕਿ ਇਸ ਅਰਸੇ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀ ਜਮ੍ਹਾਂ ਪੂੰਜੀ ਵਿਚ 600 ਕਰੋੜ ਦਾ ਵਾਧਾ ਹੋਇਆ ਹੈ। ਇਸ ਸਬੰਧ ਵਿਚ ਐਡਵੋਕੇਟ ਧਾਮੀ ਨੇ ਵੱਖ-ਵੱਖ ਗੁਰਦੁਆਰਿਆਂ ਦੀ ਜਮ੍ਹਾਂ ਪੂੰਜੀ ਦੇ ਵਾਧੇ ਬਾਰੇ ਵਿਸਥਾਰਪੂਰਵਕ ਖੁਲਾਸਾ ਵੀ ਕੀਤਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਸਾਲ 2020-2021 ਤੋਂ 2025-2026 ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਐਫਡੀਆਰ ਵਿਚ 273 ਕਰੋੜ 60 ਲੱਖ ਰੁਪਏ, ਧਰਮ ਪ੍ਰਚਾਰ ਕਮੇਟੀ ਵਿਖੇ 121 ਕਰੋੜ 45 ਲੱਖ ਰੁਪਏ ਦਾ ਵਾਧਾ ਦਰਜ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਲਈ ਇਸ ਸਮੇਂ ਦੌਰਾਨ 182 ਕਰੋੜ ਰੁਪਏ ਵੱਖਰੇ ਤੌਰ ’ਤੇ ਸ਼੍ਰੋਮਣੀ ਕਮੇਟੀ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਤੋਂ ਫੰਡ ਦਿੱਤੇ ਗਏ ਹਨ।

ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਾਸਤੇ 5 ਕਰੋੜ ਰੁਪਏ ਰਾਖਵੇਂ ਰੱਖੇ ਗਏ ਸਨ, ਜਦਕਿ ਸੰਗਤ ਵੱਲੋਂ ਪ੍ਰਗਟਾਈ ਗਈ ਸ਼ਰਧਾ ਤਹਿਤ ਇਹ ਰਾਸ਼ੀ 7 ਲੱਖ ਦੇ ਹੋਰ ਵਾਧੇ ਨਾਲ ਜਮ੍ਹਾਂ ਹੈ। ਉਨ੍ਹਾਂ ਇਹ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਖਰੀਦ ਕੀਤੀਆਂ ਗਈਆਂ ਜਾਇਦਾਦਾਂ ਦੀ ਅੱਜ ਕੀਮਤ ਵੀ ਕਈ ਗੁਣਾਂ ਵੱਧ ਚੁੱਕੀ ਹੈ। ਇਹ ਸੰਗਤ ਦੇ ਸਹਿਯੋਗ ਅਤੇ ਗੁਰੂ ਘਰਾਂ ਪ੍ਰਤੀ ਸ਼ਰਧਾ ਦੇ ਨਾਲ ਹੀ ਸੰਭਵ ਹੋਇਆ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਉਹ ਸਿੱਖੀ ਪ੍ਰਚਾਰ, ਵਿਦਿਆ ਦੇ ਪ੍ਰਸਾਰ ਅਤੇ ਸਿਹਤ ਸਹੂਲਤਾਂ ਲਈ ਲਗਾਤਾਰ ਕਾਰਜ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਚਾਰ ਲੱਖ ਤੋਂ ਵੱਧ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ ਗਿਆ ਹੈ ਅਤੇ ਅਪ੍ਰੈਲ ਤੱਕ 51 ਹਜ਼ਾਰ ਦਾ ਹੋਰ ਟੀਚਾ ਹੈ।

ਪੱਤਰਕਾਰ ਵਾਰਤਾ ਦੌਰਾਨ ਐਡਵੋਕੇਟ ਧਾਮੀ ਨੇ ਪਾਵਨ ਸਰੂਪਾਂ ਦੇ ਮਾਮਲੇ ਵਿਚ ਸਰਕਾਰ ਵੱਲੋਂ ਤਬਦੀਲ ਕੀਤੀ ਗਈ ਸਿੱਟ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮਨਸ਼ਾ ਕੇਵਲ ਸਿਆਸਤ ਕਰਨਾ ਹੈ। ਜੇਕਰ ਸਿੱਟ ਤਬਦੀਲ ਹੀ ਕਰਨੀ ਸੀ ਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਗੁਰਸਿੱਖ ਅਫ਼ਸਰ ਸ਼ਾਮਲ ਕੀਤੇ ਜਾਂਦੇ। ਉਨ੍ਹਾਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਦੀ ਜ਼ਮੀਨ ਦੇ ਮਾਮਲੇ ਸਬੰਧੀ ਕਿਹਾ ਕਿ ਇਸ ਵਿਚ ਐਫਆਈਆਰ ਦਰਜ ਕਰਵਾਉਣ ਬਾਅਦ ਵੀ ਪੁਲਿਸ ਦੀ ਕਾਰਗੁਜਾਰੀ ਨਿਰਾਸ਼ਾਜਨਕ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande