ਪੁਲਿਸ ਵਲੋਂ ਐਨਕਾਉਂਟਰ 'ਚ ਮਾਰੇ ਨੌਜਵਾਨ ਅਤੇ ਸ਼ਹੀਦ ਹੋਏ ਏ.ਐੱਸ.ਆਈ ਦੇ ਘਰ ਪੁੱਜੇ ਬਿਕਰਮ ਮਜੀਠੀਆ
- ਸਿੱਖ ਨੌਜਵਾਨ ਦੇ ਫੇਕ ਐਨਕਾਉਂਟਰ ਨੇ ਪੰਜਾਬ ਦੇ ਕਾਲੇ ਦੌਰ ਦੀ ਯਾਦ ਦਵਾਈ - ਮਜੀਠੀਆ
ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ


ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਬਿਕਰਮ ਮਜੀਠੀਆ


ਚੰਡੀਗੜ੍ਹ, 27 ਫਰਵਰੀ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਪੰਜਾਬ ਪੁਲਿਸ ਵੱਲੋਂ ਬੀਤੇ ਦਿਨੀ ਗੁਰਦਾਸਪੁਰ ਪੁਲਿਸ ਮੁਲਾਜ਼ਮਾਂ ਦੇ ਕਤਲ ਕਾਂਡ ਮਾਮਲੇ 'ਚ ਮੁਕਾਬਲੇ ਵਿੱਚ ਮਾਰੇ ਨੌਜਵਾਨ ਰਣਜੀਤ ਸਿੰਘ ਦੇ ਘਰ ਪਿੰਡ ਆਦੀਆਂ ਪੁੱਜੇ l ਬਿਕਰਮ ਮਜੀਠਿਆ ਨੇ ਮੁਕਾਬਲੇ ਵਿਚ ਮਾਰੇ ਨੌਜਵਾਨ ਰਣਜੀਤ ਸਿੰਘ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਇਸ ਮਾਮਲੇ ’ਚ ਬੋਲਦਿਆਂ ਕਿਹਾ ਕਿ ਪੰਜਾਬ ਦੇ ਸਿੱਖ ਨੌਜਵਾਨ ਦੇ ਫੇਕ ਐਨਕਾਉਂਟਰ (ਝੂਠੇ ਪੁਲਿਸ ਮੁਕਾਬਲੇ) ਨੇ ਪੰਜਾਬ ਦੇ ਕਾਲੇ ਦੌਰ ਦੀ ਯਾਦ ਦਵਾ ਦਿੱਤੀ ਹੈ l

ਮਜੀਠੀਆ ਨੇ ਦੋਸ਼ ਲਾਉਂਦਿਆਂ ਕਿਹਾ ਕਿ ਦਿੱਲੀ ਵਾਲਿਆਂ ਦੇ ਇਸ਼ਾਰੇ 'ਤੇ ਪੰਜਾਬ ਦੇ ਨੌਜਵਾਨਾਂ ਦੀ 'ਨਸਲਕੁਸ਼ੀ' ਕੀਤੀ ਜਾ ਰਹੀ ਹੈ ਜਿਸ ਨਾਲ ਸਾਰੇ ਪੰਜਾਬ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈl ਉਨ੍ਹਾਂ ਇਸ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ, ਸੂਬੇ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ 'ਤੇ 302 ਦਾ ਮੁੱਕਦਮਾ ਦਰਜ ਕਰਨ ਕਰਨਾ ਚਾਹੀਦਾ ਹੈ l ਉਨ੍ਹਾਂ ਕਿਹਾ ਕਿ ਸੂਬੇ ਦਾ ਗ੍ਰਹਿ ਮੰਤਰੀ ਹੋਣ ਦੇ ਨਾਤੇ ਭਗਵੰਤ ਮਾਨ ਅਤੇ ਗੌਰਵ ਯਾਦਵ ਦੇ ਪੁਲਿਸ ਮੁਖੀ ਹੋਣ ਦੇ ਨਾਤੇ ਇਸ ਬੇਦੋਸ਼ੇ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ ਬਣਦੀ ਹੈl ਉਨ੍ਹਾਂ ਕਿਹਾ ਕਿ ਇਸ ਕਤਲ ਕਾਂਡ ਅਤੇ ਝੂਠੇ ਪੁਲਿਸ ਮੁਕਾਬਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਸ ਝੂਠੇ ਪੁਲਿਸ ਮੁਕਾਬਲੇ ਦਾ ਸੱਚ ਸਾਹਮਣੇ ਆ ਸਕੇ ਕਿ ਇਸ ਕਤਲ ਕਾਂਡ

ਦੀ ਸਾਜ਼ਿਸ਼ ਜਿਸਦੇ ਕਹਿਣ ਉੱਪਰ ਅਤੇ ਕਿਉਂ ਰਚੀ ਗਈl

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲੇ ਦਿਨ ਤੋਂ ਸ਼ੱਕੀ ਸੀ ਕਿਉਂਕਿ ਮੁੱਖ ਮੰਤਰੀ ਭਗਵੰਤ ਵਲੋਂ ਪਹਿਲੇ ਹੀ ਦਿਨ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਕਾਂਡ ਵਿੱਚ ਗੈਰ ਜ਼ਿੰਮੇਵਾਰਾਨਾ ਬਿਆਨ ਦਿੱਤਾ ਗਿਆ ਕਿ ਦੋਵੇਂ ਪੁਲਿਸ ਵਾਲੇ ਆਪਸ ਵਿੱਚ ਝਗੜੇ ਦੌਰਾਨ ਮਾਰੇ ਗਏ ਹਨ ਜਦਕਿ ਪੁਲਿਸ ਵਲੋਂ ਵੀ ਆਪਣੀ ਥਿਊਰੀ ਬਾਰ ਬਾਰ ਬਦਲੀ ਜਾ ਰਹੀ ਹੈl

ਉਨ੍ਹਾਂ ਕਿਹਾ ਕਿ ਪੁਲਿਸ ਵਾਲਿਆਂ ਦੇ ਕਤਲ ਦੀ ਜ਼ਿੰਮੇਵਾਰੀ ਇੱਕ ਗੈਂਗਸਟਰ ਗਰੁੱਪ ਵਲੋਂ ਲਈ ਗਈ ਸੀ ਪਰ ਉਸਦੀ ਜਾਂਚ ਕਰਨ ਦੀ ਬਜਾਏ ਪੁਲਿਸ ਨੇ ਆਪਣੀ ਨਲਾਇਕੀ ਛੁਪਾਉਣ ਲਈ ਜਾਂ ਕਿਸੇ ਕਿਸਮ ਦੇ ਸਿਆਸੀ ਦਬਾਅ ਹੇਠ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਇੱਕ ਬੇਦੋਸ਼ੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਜਿਸਦੀ ਸ਼੍ਰੋਮਣੀ ਅਕਾਲੀ ਦਲ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਉੱਥੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਹਰ ਲੜਾਈ ਲੜੇਗਾl ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਮੁਹਾਲੀ ’ਚ ਹੋਏ ਇੱਕ ਐਨਕਾਉਂਟਰ ਦੌਰਾਨ ਪੁਲਿਸ ਵਲੋਂ ਇਹੀ ਦਾਅਵਾ ਕੀਤਾ ਗਿਆ ਸੀ ਕਿ ਧੁੰਦ ਕਾਰਨ ਗੱਡੀ ਪਲਟ ਗਈ ਅਤੇ ਦੋਸ਼ ਭੱਜਣ ਲੱਗਿਆ ਸੀ ਤਾਂ ਐਨਕਾਉਂਟਰ ਕਰਨਾ ਪਿਆ ਅਤੇ ਇਸ ਕੇਸ ਵਿੱਚ ਵੀ ਪੁਲਿਸ ਵਲੋਂ ਐਵੇਂ ਦੀ ਹੀ ਰਟੀ ਰਟਾਈ ਕਹਾਣੀ ਸੁਣਾਈ ਜਾ ਰਹੀ ਹੈl

ਉਨ੍ਹਾਂ ਕਿਹਾ ਕਿ ਕਤਲ ਹੋਏ ਪੁਲਿਸ ਵਾਲਿਆਂ ਦੇ ਅਸਲ ਦੋਸ਼ੀਆਂ ਨੂੰ ਫੜ ਕੇ ਸਜ਼ਾ ਦੇਣੀ ਚਾਹੀਦੀ ਹੈ ਨਾ ਕਿ ਇਸ ਤਰਾਂ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕਰਨਾ ਚਾਹੀਦਾ ਹੈl ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਅਤੇ ਦੁਨੀਆਂ ਭਰ ਵਿੱਚ ਬੈਠੇ ਪੰਜਾਬੀ ਇਸ ਝੂਠੇ ਪੁਲਿਸ ਮੁਕਾਬਲੇ ਵਿੱਚ ਇਨਸਾਫ਼ ਦੀ ਮੰਗ ਲਈ ਅੱਗੇ ਆਉਣ ਤਾਂ ਜੋ ਫਿਰ ਅਜਿਹੀ ਸਾਜਿਸ਼ ਰਚ ਕੇ ਸਰਕਾਰ ਜਾਂ ਪੁਲਿਸ ਸਾਡੇ ਨੌਜਵਾਨ ਬੱਚਿਆਂ ਨੂੰ ਕਿਸੇ ਕੇਸ 'ਚ ਫਸਾ ਕੇ ਝੂਠਾ ਪੁਲਿਸ ਮੁਕਾਬਲਾ ਬਣਾਉਣ ਦੀ ਕੋਸ਼ਿਸ਼ ਨਾ ਕਰ ਸਕਣl ਇਸ ਤੋਂ ਪਹਿਲਾ ਬਿਕਰਮ ਸਿੰਘ ਮਜੀਠਿਆ ਆਦੀਆਂ ਪੁਲਿਸ ਪੋਸਟ ਵਿਚ ਸ਼ਹੀਦ ਹੋਏ ਏਐਸਆਈ ਗੁਰਨਾਮ ਸਿੰਘ ਦੇ ਘਰ ਅਫ਼ਸੋਸ ਕਰਨ ਗਏ ਜਿੱਥੇ ਗੁਰਨਾਮ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾl

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande