
ਤਰਨ ਤਾਰਨ, 27 ਫਰਵਰੀ (ਹਿੰ.ਸ.)। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵੱਲੋਂ ਪਿੰਡ ਵਾੜਾ ਸ਼ੇਰ ਸਿੰਘ ਵਿਖੇ ਸਰ੍ਹੋਂ ਦੀਆਂ ਬਿਮਾਰੀਆਂ ਬਾਰੇ ਵਿਚਾਰ ਗੋਸ਼ਟੀ ਕੀਤੀ ਗਈ।
ਪ੍ਰੋਗਰਾਮ ਦੀ ਸ਼ੁਰੁਆਤ ਕਰਦਿਆਂ ਡਾ. ਪਰਵਿੰਦਰ ਸਿੰਘ, ਇੰਚਾਰਜ, ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਤਰਨ ਤਾਰਨ ਜ਼ਿਲ੍ਹੇ ਵਿਚ ਤੇਲ ਬੀਜ ਫ਼ਸਲਾਂ ਦੀ ਮੌਜੂਦਾ ਸਥਿਤੀ ਬਾਰੇ ਵੇਰਵਾ ਸਾਂਝਾ ਕੀਤਾ, ਕਿਸਾਨਾਂ ਨੂੰ ਪੀ.ਏ.ਯੂ ਦੇ ਮਾਹਿਰਾਂ ਨਾਲ ਸੰਪਰਕ ਰੱਖਣ ਲਈ ਪ੍ਰੇਰਿਆ ਅਤੇ ਘਰੇਲੂ ਬਗੀਚੀ ਵਿਚ ਸਬਜ਼ੀਆਂ ਦੀ ਕਾਸ਼ਤ ਕਰਨ ਦੀ ਮਹੱਤਤਾ ਬਾਰੇ ਦੱਸਿਆ।
ਡਾ. ਪਰਮਿੰਦਰ ਕੌਰ, ਪ੍ਰਮੁੱਖ ਪਸਾਰ ਵਿਗਿਆਨੀ (ਪੌਦਾ ਰੋਗ) ਨੇ ਸਰ੍ਹੋਂ, ਕਣਕ ਅਤੇ ਬਰਸੀਮ ਵਿਚ ਆਉਣ ਵਾਲੀਆਂ ਬਿਮਾਰੀਆਂ ਦੇ ਲੱਛਣ ਅਤੇ ਰੋਕਥਾਮ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਬਿਮਾਰੀ ਦੀ ਸ਼ੁਰੂਆਤੀ ਪਛਾਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ।
ਡਾ. ਪਰਮਿੰਦਰ ਸਿੰਘ ਸੰਧੂ, ਜ਼ਿਲ੍ਹਾ ਪਸਾਰ ਮਾਹਿਰ (ਫਸਲ ਵਿਗਿਆਨ) ਨੇ ਗਰਮ ਰੁੱਤ ਦੀ ਮੂੰਗੀ, ਮਾਂਹ ਅਤੇ ਗੰਨੇ ਦੀ ਕਾਸ਼ਤ ਸਬੰਧੀ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਨੇ ਪਾਣੀ ਦੇ ਡਿੱਗਦੇ ਪੱਧਰ ਨੂੰ ਲੈ ਕੇ ਬਹਾਰ ਰੁੱਤ ਦੀ ਮੱਕੀ ਦੀ ਵੱਡੇ ਪੱਧਰ 'ਤੇ ਬਿਜਾਈ ਤੋਂ ਗ਼ੁਰੇਜ਼ ਕਰਨ ਲਈ ਕਿਹਾ। ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਕਣਕ ਦੀ ਫ਼ਸਲ ਨੂੰ ਹਲਕੀ ਸਿੰਚਾਈ ਅਤੇ ਪੋਟਾਸ਼ੀਅਮ ਨਾਈਟ੍ਰੇਟ ਦੇ ਛਿੜਕਾਅ ਕਰਨ ਨਾਲ ਵੱਧਦੇ ਤਾਪਮਾਨ ਦੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ।
ਇਸ ਪ੍ਰੋਗਰਾਮ ਵਿਚ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਸਬੰਧੀ ਚਾਰਟ, ਫਾਰਮ ਸਲਾਹਕਾਰ ਸੇਵਾ ਕੇਂਦਰ ਦੀਆਂ ਗਤੀਵਿਧੀਆਂ, ਇਨਾਮ ਜੇਤੂ ਕਿਸਾਨਾਂ ਅਤੇ ਪੀ.ਏ.ਯੂ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਅਖ਼ੀਰ ਵਿਚ ਮਾਹਿਰਾਂ ਵੱਲੋਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ