
ਮੋਹਾਲੀ, 27 ਫਰਵਰੀ (ਹਿੰ.ਸ.)। ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ (ਖਰੜ) ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਲਕੇ ਬਰਨਾਲਾ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਲਈ ਮੋਹਾਲੀ ਤੋਂ 20 ਤੋਂ ਵੱਧ ਬੱਸਾਂ ਤੇ 100 ਤੋਂ ਵੱਧ ਗੱਡੀਆਂ ਦਾ ਵੱਡਾ ਕਾਫਲਾ ਰਵਾਨਾ ਹੋਣ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕਾਫਲਾ ਸਵੇਰੇ 7 ਵਜੇ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਗ੍ਰੈਂਡ ਰੋਮਾਨੀਆ, ਲਾਂਡਰਾ ਬਨੂੰੜ ਮਾਰਗ ਤੇ ਪੈਂਦੇ ਪਿੰਡ ਦੈੜੀ ਤੋਂ ਰਵਾਨਾ ਹੋਵੇਗਾ। ਇਸ ਕਾਫ਼ਲੇ ਵਿੱਚ ਮੋਹਾਲੀ ਸਮੇਤ ਆਸਪਾਸ ਦੇ ਇਲਾਕਿਆਂ ਤੋਂ ਭਾਰੀ ਗਿਣਤੀ ਵਿੱਚ ਹਜ਼ਾਰਾਂ ਵਰਕਰ ਅਤੇ ਸਮਰਥਕ ਰੈਲੀ ਵਿੱਚ ਸ਼ਮੂਲੀਅਤ ਕਰਨਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਕਾਂਗਰਸ ਵੱਲੋਂ ਆਯੋਜਿਤ ਇਸ ਇਤਿਹਾਸਕ ਰੈਲੀ ਦੌਰਾਨ ਸੀਨੀਅਰ ਕਾਂਗਰਸੀ ਨੇਤਾ ਸ੍ਰੀ ਰਾਹੁਲ ਗਾਂਧੀ ਜੀ ਬਰਨਾਲਾ ਪਹੁੰਚ ਕੇ ਪੰਜਾਬ ਵਾਸੀਆਂ ਨੂੰ ਸੰਬੋਧਨ ਕਰਨਗੇ। ਰੈਲੀ ਦੌਰਾਨ ਮਨਰੇਗਾ ਬਚਾਓ ਮੁਹਿੰਮ ਤਹਿਤ ਦੇਸ਼ ਭਰ ਦੇ ਗਰੀਬ ਵਰਗ, ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਲਈ ਜ਼ੋਰਦਾਰ ਆਵਾਜ਼ ਚੁੱਕੀ ਜਾਵੇਗੀ।
ਹਰਕੇਸ਼ ਚੰਦ ਸ਼ਰਮਾ ਨੇ ਕਿਹਾ ਕਿ ਮਨਰੇਗਾ ਯੋਜਨਾ ਗਰੀਬ ਅਤੇ ਮਜ਼ਦੂਰ ਵਰਗ ਲਈ ਜੀਵਨ ਰੇਖਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਯੋਜਨਾ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਰੈਲੀ ਦੌਰਾਨ ਆਮ ਲੋਕਾਂ ਦੇ ਹੱਕਾਂ, ਰੁਜ਼ਗਾਰ ਦੀ ਸੁਰੱਖਿਆ ਅਤੇ ਪਿੰਡਾਂ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਨੂੰ ਉਭਾਰਿਆ ਜਾਵੇਗਾ।
ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ‘ਤੇ ਤਿੱਖਾ ਪ੍ਰਹਾਰ ਕਰਦਿਆਂ ਕਿਹਾ ਕਿ ਮਨਰੇਗਾ ਸਕੀਮ ਨੂੰ ਕਮਜ਼ੋਰ ਕਰਕੇ ਦੇਸ਼ ਦੇ ਮਜ਼ਦੂਰਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ ਜਾ ਰਿਹਾ ਹੈ। ਕਾਂਗਰਸ ਪਾਰਟੀ ਹਮੇਸ਼ਾ ਗਰੀਬਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਬਣੀ ਹੈ ਅਤੇ ਅੱਗੇ ਵੀ ਲੋਕ-ਵਿਰੋਧੀ ਨੀਤੀਆਂ ਦਾ ਡਟ ਕੇ ਮੁਕਾਬਲਾ ਕਰਦੀ ਰਹੇਗੀ।
ਸ਼ਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਹੀ ਗਰੀਬਾਂ, ਮਜ਼ਦੂਰਾਂ, ਕਿਸਾਨਾਂ ਅਤੇ ਪਿੱਛੜੇ ਵਰਗਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਆਏ ਹਨ। ਉਹ ਸਿਰਫ਼ ਬਿਆਨਾਂ ਤੱਕ ਸੀਮਿਤ ਨਹੀਂ ਰਹਿੰਦੇ, ਸਗੋਂ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਜੁੜ ਕੇ ਉਨ੍ਹਾਂ ਦੀ ਆਵਾਜ਼ ਸੰਸਦ ਤੱਕ ਪਹੁੰਚਾਉਂਦੇ ਹਨ। ਮਨਰੇਗਾ ਦੀ ਰੱਖਿਆ, ਮਹਿੰਗਾਈ, ਬੇਰੁਜ਼ਗਾਰੀ ਅਤੇ ਸਮਾਜਿਕ ਅਨਿਆਇ ਦੇ ਖ਼ਿਲਾਫ਼ ਲੜਾਈ ਵਿੱਚ ਕਾਂਗਰਸ ਪਾਰਟੀ ਪੂਰੀ ਤਾਕਤ ਨਾਲ ਮੈਦਾਨ ਵਿੱਚ ਹੈ।
ਅੰਤ ਵਿੱਚ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਸਾਰੇ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਬਰਨਾਲਾ ਰੈਲੀ ਵਿੱਚ ਸ਼ਮੂਲੀਅਤ ਕਰਕੇ ਮਨਰੇਗਾ ਦੀ ਮਜ਼ਬੂਤੀ ਅਤੇ ਲੋਕਤੰਤਰ ਦੀ ਰੱਖਿਆ ਲਈ ਆਪਣਾ ਯੋਗਦਾਨ ਪਾਉਣ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ