
ਮੋਗਾ, 27 ਫਰਵਰੀ (ਹਿੰ.ਸ.)। ਪੰਜਾਬ ਪੁਲਿਸ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਏ ਜਾ ਰਹੇ ਆਪ੍ਰੇਸ਼ਨ ‘ਪ੍ਰਹਾਰ’ ਤਹਿਤ ਸੀ.ਆਈ.ਏ ਸਟਾਫ ਮੋਗਾ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 5 ਪਿਸਟਲ, 6 ਮੈਗਜ਼ੀਨ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਮੁਲਜ਼ਮ ਪਾਕਿਸਤਾਨ ਤੋਂ ਹਥਿਆਰ ਆਯਾਤ ਕਰਦੇ ਸਨ ਅਤੇ ਇੱਥੇ ਸਪਲਾਈ ਕਰਦੇ ਸਨ। ਪੁਲਿਸ ਨੇ ਦੋਵਾਂ ਖਿਲਾਫ਼ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਮੋਗਾ ਦੇ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਪੰਜਾਬ ਪੁਲਿਸ ਵਾਰ ਅਗੇਂਸਟ ਗੈਂਗਸਟਰ ਮੁਹਿੰਮ ਚਲਾ ਰਹੀ ਹੈ ਅਤੇ ਮੋਗਾ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸ ਦੌਰਾਨ ਸੀਆਈਏ ਸਟਾਫ ਨੂੰ ਸੂਚਨਾ ਮਿਲੀ ਕਿ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਅਤੇ ਨਿਸ਼ਾਨ ਸਿੰਘ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਦੇ ਹਨ ਅਤੇ ਪਾਕਿਸਤਾਨ ਤੋਂ ਆਯਾਤ ਕਰਦੇ ਹਨ। ਮਿਤੀ 26 ਫਰਵਰੀ 2026 ਨੂੰ ਏ.ਐਸ.ਆਈ. ਲਵਜੀਤ ਸਿੰਘ ਸਮੇਤ ਪੁਲਿਸ ਪਾਰਟੀ ਕੋਟਕਪੁਰਾ ਬਾਈਪਾਸ ਮੋਗਾ ਫਲਾਈਓਵਰ ਹੇਠ ਮੌਜੂਦ ਸੀ, ਜਦੋਂ ਉਨ੍ਹਾਂ ਨੂੰ ਮੁਖਬਰ ਵਲੋਂ ਸੂਚਨਾ ਮਿਲੀ ਕਿ ਲਖਵਿੰਦਰ ਸਿੰਘ ਵਾਸੀ ਰੱਤੋਕੇ (ਤਰਨਤਾਰਨ) ਅਤੇ ਨਿਸ਼ਾਨ ਸਿੰਘ ਵਾਸੀ ਲਾਹੋਕੇ (ਤਰਨਤਾਰਨ) ਨਜਾਇਜ਼ ਹਥਿਆਰਾਂ ਸਮੇਤ ਮੋਗਾ ਵਿਚ ਘੁੰਮ ਰਹੇ ਹਨ ਅਤੇ ਦਿੱਲੀ ਕਲੋਨੀ ਨੇੜੇ ਕਿਸੇ ਦੀ ਉਡੀਕ ਕਰ ਰਹੇ ਹਨ।ਸੂਚਨਾ ਨੂੰ ਭਰੋਸੇਯੋਗ ਮੰਨਦਿਆਂ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੱਸੇ ਸਥਾਨ ‘ਤੇ ਰੇਡ ਕੀਤੀ ਗਈ। ਇਸ ਦੌਰਾਨ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਲਖਵਿੰਦਰ ਸਿੰਘ ਕੋਲੋਂ ਇਕ ਗਲੋਕ 9 ਐਮ.ਐਮ ਪਿਸਟਲ, ਇਕ ਦੇਸੀ .32 ਬੋਰ ਪਿਸਟਲ, ਦੋ ਪਿਸਟਲ .30 ਬੋਰ ਸਮੇਤ ਮੈਗਜ਼ੀਨ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਨਿਸ਼ਾਨ ਸਿੰਘ ਕੋਲੋਂ ਇਕ ਦੇਸੀ .30 ਬੋਰ ਪਿਸਟਲ ਸਮੇਤ ਮੈਗਜ਼ੀਨ ਅਤੇ ਇੱਕ ਜ਼ਿੰਦਾ ਰੌਂਦ ਬਰਾਮਦ ਹੋਇਆ। ਇਸ ਤੋਂ ਇਲਾਵਾ ਇਕ ਮੋਬਾਈਲ ਫੋਨ ਵੀ ਕਬਜ਼ੇ ਵਿਚ ਲਿਆ ਗਿਆ।ਪੁਲਿਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਲਖਵਿੰਦਰ ਸਿੰਘ ਪਾਕਿਸਤਾਨ ਨਾਲ ਸੰਬੰਧਿਤ ਸਮੱਗਲਰ ਦੇ ਸੰਪਰਕ ਵਿਚ ਸੀ ਅਤੇ ਇਹ ਹਥਿਆਰ ਉੱਥੋਂ ਮੰਗਵਾਏ ਗਏ ਸਨ। ਪੁਲਿਸ ਨੇ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਗੈਂਗਸਟਰ ਗਤੀਵਿਧੀਆਂ ਨੂੰ ਜੜੋਂ ਖਤਮ ਕਰਨ ਅਤੇ ਇਲਾਕੇ ਵਿੱਚ ਅਮਨ-ਕਾਨੂੰਨ ਕਾਇਮ ਰੱਖਣ ਵੱਲ ਇੱਕ ਮਜ਼ਬੂਤ ਕਦਮ ਹੈ। ਮੋਗਾ ਪੁਲਿਸ ਵੱਲੋਂ ਅਪਰਾਧਿਕ ਤੱਤਾਂ ਖ਼ਿਲਾਫ਼ ਲਗਾਤਾਰ ਨਿਸ਼ਾਨਾਬੱਧ ਕਾਰਵਾਈ ਜਾਰੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ