


ਪਟਿਆਲਾ, 27 ਫਰਵਰੀ (ਹਿੰ.ਸ.)। ਇੱਥੇ ਸ਼ੀਸ਼ ਮਹਿਲ ਵਿਖੇ ਚੱਲ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ 'ਚ ਦਰਸ਼ਕਾਂ ਲਈ ਤਸਵੀਰਾਂ ਖਿਚਵਾਉਣ ਵਾਸਤੇ ਬਣਾਏ ਗਏ ਸੈਲਫ਼ੀ ਪੁਆਇੰਟਾਂ 'ਤੇ ਵੱਡੀ ਗਿਣਤੀ ਦਰਸ਼ਕ ਆਪਣੀਆਂ ਯਾਦਗਾਰੀ ਫੋਟੋਆਂ ਖਿਚਵਾ ਰਹੇ ਹਨ। ਜਿੱਥੇ ਸ਼ੀਸ਼ ਮਹਿਲ ਦੀ ਵਿਰਾਸਤੀ ਇਮਾਰਤ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਹੀ ਹੈ, ਉਥੇ ਹੀ ਇੱਥੇ ਪੁਰਾਣੇ ਸੱਭਿਆਚਾਰ ਤੇ ਵਿਰਸੇ ਨੂੰ ਦਰਸਾਉਂਦੇ ਘਰ, ਚਰਖਾ ਤੇ ਸਿਰ 'ਤੇ ਪਾਣੀ ਵਾਲਾ ਘੜਾ ਚੁੱਕਣ ਵਾਲਾ ਸੈਲਫ਼ੀ ਕੇਂਦਰ ਦਰਸ਼ਕਾਂ ਨੂੰ ਆਪਣੇ ਨਾਲ ਫੋਟੋਆਂ ਖਿਚਵਾਉਣ ਲਈ ਮਜ਼ਬੂਰ ਕਰ ਰਿਹਾ ਹੈ।
ਇਸ ਤੋਂ ਬਿਨ੍ਹਾਂ ਇੱਥੇ ਦਰਸ਼ਕਾਂ ਨੂੰ ਮਿੱਟੀ ਦੇ ਦੀਵੇ ਆਦਿ ਬਣਾਉਣਾ ਸਿਖਾ ਰਹੇ ਘੁਮਿਆਰ ਦੇ ਚੱਕ 'ਤੇ ਕੰਮ ਕਰਦੇ ਪਿੰਡ ਸਿਉਣਾ ਦੇ ਹਰਨੇਕ ਸਿੰਘ ਨਾਲ ਬਹੁਤ ਸਾਰੇ ਨੌਜਵਾਨ ਕੁੜੀਆਂ-ਮੁੰਡਿਆਂ ਸਮੇਤ ਵੱਡੀ ਉਮਰ ਦੇ ਵਿਅਕਤੀ ਵੀ ਇੱਥੇ ਤਸਵੀਰਾਂ ਖਿਚਵਾ ਰਹੇ ਹਨ। ਜਦਕਿ ਇੱਥੇ ਕਰਤਾਰ ਕੰਬਾਇਨ ਭਾਦਸੋਂ ਵਾਲਿਆਂ ਵੱਲੋਂ ਖੜ੍ਹਾ ਕੀਤਾ ਕਰਤਾਰ ਟਰੈਕਟਰ ਵੀ ਸੈਲਫ਼ੀ ਕਰਵਾਉਣ ਵਾਲਿਆਂ ਦੀ ਭੀੜ ਜੁਟਾ ਰਿਹਾ ਹੈ।
ਇੱਥੇ ਸਿਲਵਰ ਸਟੈਚੂ ਬਣਕੇ ਖੜ੍ਹ ਰਿਹਾ ਗੋਬਿੰਦ ਸਿੰਘ ਪਿੰਡ ਕੋਟਲੀ ਦੇਵਨ ਸ੍ਰੀ ਮੁਕਤਸਰ ਸਾਹਿਬ ਤੋਂ ਆਇਆ ਹੈ, ਜੋ ਕਿ ਦਰਸ਼ਕਾਂ ਨੂੰ ਆਪਣੇ ਨਾਲ ਫੋਟੋਆਂ ਖਿਚਵਾਉਣ ਲਈ ਮਜ਼ਬੂਰ ਕਰ ਰਿਹਾ ਹੈ। ਇਸ ਦਾ ਕਹਿਣਾ ਹੈ ਕਿ ਉਹ ਪਿਛਲੇ 6 ਸਾਲਾਂ ਤੋਂ ਵਿਆਹ ਸ਼ਾਦੀਆਂ, ਜਨਮ ਦਿਨ, ਕਿੱਟੀ ਪਾਰਟੀ ਤੇ ਹੋਰ ਕਿਸੇ ਵੀ ਖੁਸ਼ੀ ਦੇ ਮੌਕੇ 'ਤੇ ਸਟੈਚੂ ਬਣਕੇ ਲੋਕਾਂ ਦਾ ਮਨਪ੍ਰਚਾਵਾ ਕਰਦਾ ਹੈ।
ਗੋਬਿੰਦ ਸਿੰਘ ਨੇ ਕਿਹਾ ਕਿ ਉਹ ਬੇਰੁਜ਼ਗਾਰ ਨਹੀਂ ਬਲਕਿ ਆਪਣਾ ਬੌਸ ਆਪ ਬਣਕੇ ਆਪਣਾ ਰੋਜ਼ਗਾਰ ਚਲਾ ਰਿਹਾ ਹੈ ਅਤੇ ਨੌਜਵਾਨਾਂ ਨੂੰ ਮਿਹਨਤ ਕਰਨ ਸਮੇਤ ਮਾੜੀਆਂ ਆਦਤਾਂ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕਰਦਾ ਹੈ।
ਇਸੇ ਤਰ੍ਹਾਂ ਗੋਲਡਨ ਸਟੈਚੂ ਬਣਿਆ ਪਿੰਡ ਰਣਬੀਰਪੁਰਾ ਦਾ 12ਵੀਂ ਪਾਸ ਨੌਜਵਾਨ ਅਕਾਸ਼ਦੀਪ ਸਿੰਘ ਸਟੈਚੂ ਆਰਟ ਦਾ ਪ੍ਰਗਟਾਵਾ ਕਰਦਾ ਹੋਇਆ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ। ਉਸਨੇ ਦੱਸਿਆ ਕਿ ਪਿਤਾ ਦੀ ਮੌਤ ਬਾਅਦ ਘਰ ਦਾ ਗੁਜ਼ਾਰਾ ਚਲਾਉਣ ਲਈ ਉਹ ਸਟੈਚੂ ਆਰਟ ਕਰਦੇ ਹੋਏ, ਨਾਲ-ਨਾਲ ਸਰਕਾਰੀ ਨੌਕਰੀ ਲਈ ਵੀ ਤਿਆਰੀ ਕਰ ਰਿਹਾ ਹੈ। ਉਸਨੇ ਕਿਹਾ ਕਿ ਉਸ ਦਾ ਕਹਿਣਾ ਹੈ ਕਿ ਨਸ਼ਿਆਂ ਤੋਂ ਦੂਰ ਰਹਿਕੇ ਕੀਤੀ ਮਿਹਨਤ ਤੇ ਗੋਲਡਨ ਮੈਨ ਬਣਨਾ ਉਸ ਲਈ ਸੋਨੇ 'ਤੇ ਸੋਹਾਗਾ ਬਣ ਰਹੀ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ