

ਅੰਮ੍ਰਿਤਸਰ, 27 ਫਰਵਰੀ (ਹਿੰ.ਸ.)। ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਮੈਦਾਨ ਵਿੱਚ ਅੱਜ ਤੋਂ ਲਗਾਏ ਜਾਣ ਵਾਲੇ ਤਿੰਨ ਰੋਜ਼ਾ ਰੰਗਲਾ ਪੰਜਾਬ ਉਤਸਵ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਤਿੰਨ ਰੋਜ਼ਾ ਰੰਗਲਾ ਪੰਜਾਬ ਉਤਸਵ ਦੌਰਾਨ ਪੰਜਾਬ ਦੇ ਸੱਭਿਆਚਾਰਕ ਵਿਰਸੇ, ਰਹਿਣ-ਸਹਿਣ ਅਤੇ ਖਾਣ-ਪੀਣ ਨੂੰ ਵਿਸ਼ਵ ਪੱਧਰ ’ਤੇ ਉਤਸ਼ਾਹਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦੇ ਮੈਦਾਨ ਵਿੱਚ ਦੁਪਹਿਰ 12:00 ਵਜੇ ਰੰਗਲਾ ਪੰਜਾਬ ਉਤਸਵ ਸ਼ੁਰੂ ਹੋਵੇਗਾ ਜੋ 1 ਮਾਰਚ 2026 ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਤਿੰਨ ਦਿਨਾਂ ਇਹ ਰੰਗਲਾ ਪੰਜਾਬ ਉਤਸਵ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਹੋਵੇਗਾ ਅਤੇ ਇਸ ਵਿੱਚ ਪੰਜਾਬ ਦੇ ਸੱਭਿਆਚਾਰਕ ਵਿਰਸੇ, ਰਹਿਣ-ਸਹਿਣ ਅਤੇ ਖਾਣ-ਪੀਣ ਦੀ ਖ਼ੂਬਸੂਰਤ ਝਲਕ ਦੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਉਤਸਵ ਦੌਰਾਨ ਖ਼ੂਬਸੂਰਤ ਕਰਾਫ਼ਟ ਬਜ਼ਾਰ ਲਗਾਇਆ ਗਿਆ ਹੈ ਜਿਸ ਦੁਕਾਨਦਾਰਾਂ ਵੱਲੋਂ ਸਟਾਲ ਲਗਾ ਕੇ ਰਿਵਾੲਤੀ ਪੰਜਾਬੀ ਅਤੇ ਹੋਰ ਸਮਾਨ ਵੇਚਿਆ ਜਾਵੇਗਾ। ਇਸ ਤੋਂ ਇਲਾਵਾ ਉਤਸਵ ਦੌਰਾਨ ਲਗਾਈ ਜਾਣ ਵਾਲੀ ਫੂਡ ਕੋਰਟ ਵਿੱਚ ਵੱਖ-ਵੱਖ ਪਕਵਾਨਾਂ ਦੇ 30 ਸਟਾਲ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਉਤਸਵ ਦੌਰਾਨ ਬੱਚਿਆਂ ਦੇ ਮੰਨੋਰੰਜ਼ਨ ਲਈ ਵਿਸ਼ੇਸ਼ ਝੂਲੇ ਲਗਾਏ ਗਏ ਹਨ। ਇਸ ਤੋਂ ਇਲਾਵਾ ਰੰਗਲਾ ਪੰਜਾਬ ਉਤਸਵ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਵੀ ਆਪਣੇ ਸਟਾਲ ਲਗਾ ਕੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਰੰਗਲਾ ਪੰਜਾਬ ਉਤਸਵ ਦੇ ਤਿੰਨੇ ਦਿਨ ਸ਼ਾਮ ਨੂੰ ਪੰਜਾਬ ਦੇ ਨਾਮੀਂ ਗਾਇਕ ਕਲਾਕਾਰਾਂ ਵੱਲੋਂ ਗਾਇਕੀ ਦੇ ਅਖ਼ਾੜੇ ਲਗਾ ਕੇ ਦਰਸ਼ਕਾਂ ਦਾ ਮੰਨੋਰੰਜ਼ਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੰਜਾਬੀ ਸੱਭਿਆਚਾਰ ਦੀਆਂ ਹੋਰ ਵੰਨਗੀਆਂ ਗਿੱਧਾ-ਭੰਗੜਾ ਦੀ ਪੇਸ਼ਕਾਰੀ ਵੀ ਦੇਖਣ ਨੂੰ ਮਿਲੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੰਗਲਾ ਪੰਜਾਬ ਉਤਸਵ ਦੇ ਪਹਿਲੇ ਦਿਨ ਦੀ ਸ਼ਾਮ ਨੂੰ ਵਿਸ਼ਵ ਪ੍ਰਸਿੱਧ ਲੋਕ ਗਾਇਕ ਵਿਰਾਸਤ ਸੰਧੂ, ਜਸਪਿੰਦਰ ਨਰੂਲਾ ਅਤੇ ਜੈਜੀ ਬੀ ਵੱਲੋਂ ਖੁੱਲ੍ਹੇ ਅਖਾੜੇ ਦੌਰਾਨ ਆਪਣੀ ਗਾਇਕੀ ਦੀ ਪੇਸ਼ਕਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਖੁੱਲ੍ਹੇ ਅਖਾੜੇ ਵਿੱਚ ਦਰਸ਼ਕਾਂ ਦੇ ਬੈਠਣ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਉਤਸਵ ਦੇ ਦੂਸਰੇ ਦਿਨ ਦੀ ਸ਼ਾਮ ਨੂੰ ਗਾਇਕਾ ਮੀਤ ਕੌਰ, ਕੌਰ ਬੀ ਅਤੇ ਗਾਇਕ ਕੁਲਵਿੰਦਰ ਬਿੱਲਾ ਵੱਲੋਂ ਪੇਸ਼ਕਾਰੀ ਕੀਤੀ ਜਾਵੇਗੀ।
ਰੰਗਲਾ ਪੰਜਾਬ ਉਤਸਵ ਦੇ ਤੀਸਰੇ ਤੇ ਆਖਰੀ ਦਿਨ ਦੀ ਸ਼ਾਮ ਨੂੰ ਗਾਇਕ ਹਰਜੀਤ ਹਰਮਨ, ਬਾਣੀ ਸੰਧੂ ਅਤੇ ਮਨਮੋਹਨ ਵਾਰਿਸ ਵੱਲੋਂ ਆਪਣੀ ਗਾਇਕੀ ਰਾਹੀਂ ਰੰਗ ਬੰਨਿਆ ਜਾਵੇਗਾ।
ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਰੰਗਲਾ ਪੰਜਾਬ ਉਤਸਵ ਦੌਰਾਨ ਆਮ ਲੋਕਾਂ ਦੀ ਐਂਟਰੀ ਬਿਲਕੁੱਲ ਮੁਫ਼ਤ ਹੋਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਦੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਮੈਦਾਨ ਵਿੱਚ 1 ਮਾਰਚ ਤੱਕ ਚੱਲਣ ਵਾਲੇ ਰੰਗਲਾ ਪੰਜਾਬ ਉਤਸਵ ਵਿੱਚ ਪਹੁੰਚ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਖ਼ੂਬਸੂਰਤ ਝਲਕ ਨੂੰ ਦੇਖਣ ਅਤੇ ਇਸ ਦਾ ਅਨੰਦ ਮਾਨਣ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ