
ਜਲੰਧਰ , 28 ਫਰਵਰੀ (ਹਿੰ.ਸ.)। ਜਲੰਧਰ ਦੇ ਸੰਤੋਖਪੁਰਾ ਇਲਾਕੇ ਵਿੱਚ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਡਾਕਟਰ ਦੇ ਘਰ ਅੱਗੇ ਤਾਬੜਤੋੜ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਤ ਕਰੀਬ ਪੌਣੇ ਦੋ ਵਜੋਂ ਵਾਪਰੀ ਇਹ ਘਟਨਾ ਇੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ, ਜਿਸਨੇ ਇਲਾਕੇ ’ਚ ਦਹਿਸ਼ਤ ਪੈਦਾ ਕਰ ਦਿੱਤੀ।ਗੋਲੀਬਾਰੀ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।ਜਾਣਕਾਰੀ ਅਨੁਸਾਰ ਘਟਨਾ ’ਚ ਸ਼ਾਮਿਲ ਦੋ ਅਣਪਛਾਤੇ ਹਮਲਾਵਰ ਬਾਈਕ ’ਤੇ ਸਵਾਰ ਹੋ ਕੇ ਪਹੁੰਚੇ ਸਨ। ਹਮਲਾਵਰਾਂ ਨੇ ਪਹਿਲਾਂ ਘਰ ਦੇ ਬਾਹਰ ਖੜੀ ਇੱਕ ਕਾਰ 'ਤੇ ਗੋਲੀਆਂ ਚਲਾਈਆਂ ਅਤੇ ਫਿਰ ਘਰ ਵੱਲੋਂ ਗੋਲਬਾਰੀ ਕੀਤੀ। ਹਮਲਾਵਰਾਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਲਗਭਗ 10 ਰਾਉਂਡ ਫਾਇਰ ਕੀਤੇ। ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਘਟਨਾ ਸਮੇਂ ਡਾਕਟਰ ਯਸ਼ਪਾਲ ਆਪਣੇ ਪਰਿਵਾਰ ਨਾਲ ਘਰ ਦੇ ਅੰਦਰ ਸੀ। ਇਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।ਸੀਸੀਟੀਵੀ ਮੁਤਾਬਕ ਮੋਟਰਸਾਈਕਲ ਸਵਾਰ ਰਾਤ 1:40 ਉੱਪਰ ਘਰ ਦੇ ਕਰੀਬ ਪੁੱਜਦੇ ਹਨ। ਪਹਿਲਾਂ ਉਹ ਘਰ ਦੇ ਬਾਹਰ ਖੜੀ ਕਾਰ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸਤੋਂ ਬਾਅਦ ਉਹ ਘਰ ਦੇ ਗੇਟ ਅਤੇ ਅੰਦਰ ਵੱਲ ਫ਼ਾਈਰ ਕਰਦੇ ਹਨ। ਇਸ ਦੌਰਾਨ ਗੋਲੀਆਂ ਦਾ ਖੜਾਕ ਸੁਣ ਕੇ ਡਾਕਟਰ ਦਾ ਪਰਿਵਾਰ ਵੀ ਜਾਗ ਪੈਂਦਾ ਹੈ ਤੇ ਪੁਲਿਸ ਨੂੰ ਸੂਚਿਤ ਕਰਦਾ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪੁੱਜ ਕੇ ਜਾਂਚ ਕਰ ਰਹੇ ਹਨ ਤੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲ ਕੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ