
ਫਾਜ਼ਿਲਕਾ, 28 ਫਰਵਰੀ (ਹਿੰ.ਸ.)। ਪੰਜਾਬ ਸਰਕਾਰ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਮਜਬੂਤ ਕਰਨ ਅਤੇ ਉਨ੍ਹਾਂ ਨੂੰ ਰੋਜਗਾਰ ਦੇ ਨਾਲ ਜੋੜਨ ਤੇ ਕਲਾ ਨੂੰ ਜਨਹਿਤ ਵਿਚ ਲਿਜਾਉਣ ਲਈ ਸ਼ਲਾਘਾਯੋਗ ਪਹਿਲਕਦਮੀਆਂ ਉਲੀਕੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿਖੇ ਤਿੰਨ ਰੋਜਾ ‘ਪੰਜਾਬ ਸਖੀ ਸ਼ਕਤੀ ਮੇਲਾ-2026’ ਕਰਵਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਸ਼ੁਕਰਵਾਰ ਨੂੰ ਕੀਤੀ ਗਈ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਫਾਜ਼ਿਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਅਤੇ ਵਿਧਾਇਕ ਬਲੂਆਣਾ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵਿਸ਼ੇਸ਼ ਤੌਰ ’ਤੇ ਪੁੱਜੇ ਸਨ। ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ।
ਮੇਲੇ ਦਾ ਉਦਘਾਟਨ ਕਰਦਿਆਂ ਵਿਧਾਇਕ ਸਾਹਿਬਾਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧੰਨਵਾਦੀ ਹਾਂ, ਜਿਨ੍ਹਾਂ ਦੀ ਬਦੌਲਤ ਪੰਜਾਬ ਵਿੱਚ ਮੇਲੇ ਲੱਗਣੇ ਸ਼ੁਰੂ ਹੋਏ ਹਨ। ਇਸ ਮੇਲੇ ਜ਼ਰੀਏ ਪਿੰਡਾਂ ਵਿੱਚ ਬੈਠੀਆਂ ਹੁਨਰਮੰਦ ਮਹਿਲਾਵਾਂ ਲਈ ਰੁਜ਼ਗਾਰ ਦੇਣ ਦਾ ਪੰਜਾਬ ਸਰਕਾਰ ਵੱਲੋਂ ਪਲੇਟਫਾਰਮ ਤਿਆਰ ਕੀਤਾ ਗਿਆ ਹੈ। ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਸਟਾਲ ਲਗਾਏ ਗਏ ਹਨ। ਰੋਜਾਨਾ ਪੰਜਾਬੀ ਗਾਇਕ ਵੱਲੋਂ ਸ਼ਾਮ ਨੂੰ ਖੁਬਸੂਰਤ ਪੇਸ਼ਕਾਰੀ ਪੇਸ਼ ਕੀਤੀ ਜਾਵੇਗੀ। ਮੇਲੇ ਵਿੱਚ ਪੰਜਾਬ ਦਾ ਸੱਭਿਆਚਾਰ ਅਤੇ ਵਿਰਸਾ ਦਿਖਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਦੀਆਂ ਮਹਿਲਾ ਉੱਦਮੀਆਂ ਤੇ ਸ਼ਿਲਪਕਾਰਾਂ ਵੱਲੋਂ ਬਣਾਈਆਂ ਵਸਤਾਂ ਨੂੰ ਇੱਕੋ ਮੰਚ ਮੁਹੱਈਆ ਕਰਵਾਉਣ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ‘ਪੰਜਾਬ ਸਖੀ ਸ਼ਕਤੀ ਮੇਲਾ-2026’ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਮਹਿਲਾਵਾਂ ਦੇ ਬਣੇ ਸਵੈ-ਸਹਾਇਤਾ ਸਮੂਹਾਂ ਅਤੇ ਲਗਾਈਆਂ ਗਈਆਂ ਸਟਾਲਾਂ ’ਤੇ ਜਾ ਕੇ ਜਿਥੇ ਸਮਾਨ ਦੀ ਖਰੀਦਦਾਰੀ ਕੀਤੀ ਉਥੇ ਉਨ੍ਹਾਂ ਸ਼ਿਲਪਕਾਰਾਂ ਅਤੇ ਸਮਾਨ ਤਿਆਰ ਕਰਨ ਵਾਲੇ ਉਦਮੀਆਂ ਦੀ ਹੌਸਲਾ ਅਫਜਾਈ ਵੀ ਕੀਤੀ।
ਮੇਲੇ ਦੇ ਨੋਡਲ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਭਾਸ਼ ਚੰਦਰ ਨੇ ਕਿਹਾ ਕਿ ਅਜਿਹੇ ਮੇਲੇ ਆਪਣੇ ਸੱਭਿਆਚਾਰ ਨਾਲ ਜੁੜਨ ਦਾ ਇਕ ਵਧੀਆ ਵਸੀਲਾ ਹਨ ਅਤੇ ਸਾਨੂੰ ਸਾਡੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਂਦੇ ਹਨ। ਉਨ੍ਹਾਂ ਹਰ ਸਟਾਲ ’ਤੇ ਜਾ ਕੇ ਸ਼ਿਲਪਕਾਰਾਂ ਵੱਲੋਂ ਬਣਾਈਆਂ ਵਸਤਾਂ ਨੂੰ ਦੇਖਿਆ ਅਤੇ ਖ਼ਰੀਦੋ-ਫਰੋਖ਼ਤ ਕੀਤੀ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵੱਲੋਂ ‘ਪੰਜਾਬ ਸਖੀ ਸ਼ਕਤੀ ਮੇਲਾ-2026 ਮਹਿਲਾ ਉੱਦਮੀਆਂ ਦਾ ਸਸ਼ਕਤੀਕਰਨ’ ਫਾਜ਼ਿਲਕਾ ਵਿਖੇ ਕਰਵਾਇਆ ਜਾਣਾ ਮਾਣ ਵਾਲੀ ਗੱਲ ਹੈ। ਇਸ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਉਦਮੀ ਆਪਣੇ ਉਤਪਾਦ ਲੈ ਕੇ ਪੁੱਜੇ ਹਨ। ਉਨ੍ਹਾਂ ਸਵੈ-ਸਹਾਇਤਾਂ ਪ੍ਰਾਪਤ ਗਰੁੱਪਾਂ ਵੱਲੋਂ ਬਣਾਈਆਂ ਵਸਤਾਂ ਦੀ ਪ੍ਰਸ਼ੰਸਾ ਕੀਤੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ