ਤਾਨਾਸ਼ਾਹੀ ਰਾਜਨੀਤੀ ਪੰਜਾਬ ਨੂੰ ਦਬਾ ਨਹੀਂ ਸਕਦੀ, ਇੱਥੋਂ ਹੀ ਕੌਮੀ ਜਿੱਤ ਦਾ ਮਾਰਚ ਸ਼ੁਰੂ ਹੁੰਦੈ : ਭਗਵੰਤ ਮਾਨ
ਚੰਡੀਗੜ੍ਹ/ਨਵੀਂ ਦਿੱਲੀ, 01 ਮਾਰਚ (ਹਿੰ.ਸ.)। ਆਮ ਆਦਮੀ ਪਾਰਟੀ (ਆਪ) ਦੀ ਜੰਤਰ-ਮੰਤਰ ਵਿਖੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹੋਈ ਵਿਸ਼ਾਲ ਜਨਤਕ ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਅਦਾਲਤ ਦਾ ਹਾਲੀਆ ਫੈਸਲਾ ਭਾਰਤੀ ਰਾਜਨੀਤੀ ਵਿੱਚ ਸੱਚਾਈ ਦੀ ਇਤਿਹਾ
ਰੈਲੀ ਨੂੰ ਆਨਲਾਈਨ ਸੰਬੋਧਨ ਕਰਦੇ ਮੁੱਖ ਮੰਤਰੀ ਭਗਵੰਤ ਮਾਨ


ਚੰਡੀਗੜ੍ਹ/ਨਵੀਂ ਦਿੱਲੀ, 01 ਮਾਰਚ (ਹਿੰ.ਸ.)। ਆਮ ਆਦਮੀ ਪਾਰਟੀ (ਆਪ) ਦੀ ਜੰਤਰ-ਮੰਤਰ ਵਿਖੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹੋਈ ਵਿਸ਼ਾਲ ਜਨਤਕ ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਅਦਾਲਤ ਦਾ ਹਾਲੀਆ ਫੈਸਲਾ ਭਾਰਤੀ ਰਾਜਨੀਤੀ ਵਿੱਚ ਸੱਚਾਈ ਦੀ ਇਤਿਹਾਸਕ ਜਿੱਤ ਹੈ ਅਤੇ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ 'ਆਪ' ਪਾਰਟੀ ਇੱਕ ਕੌਮੀ ਤਾਕਤ ਵਜੋਂ ਮਜ਼ਬੂਤੀ ਨਾਲ ਉਭਰ ਕੇ ਸਾਹਮਣੇ ਆਈ ਹੈ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਇਸ ਤਾਨਾਸ਼ਾਹੀ ਸ਼ਾਸਨ ਨੂੰ ਮਾਤ ਦੇਣ ਲਈ 2027 ਵਿੱਚ ‘ਆਪ’ ਦੀ ਝੋਲੀ ਘੱਟੋ-ਘੱਟ 100 ਸੀਟਾਂ ਪਾਏਗਾ। ਉਨ੍ਹਾਂ ਕਿਹਾ ਕਿ ਇਸ ਤਾਨਾਸ਼ਾਹੀ ਵਿਰੁੱਧ ਜਿੱਤ ਦਾ ਆਗਾਜ਼ ਪੰਜਾਬ ਤੋਂ ਹੋਵਗਾ। ਇਹ ਆਖਦਿਆਂ ਕਿ ਸਾਲ 2027 ਦੇਸ਼ ਭਰ ਵਿੱਚ ਬਦਲਾਅ ਦਾ ਮੁੱਢ ਬੰਨ੍ਹੇਗਾ, ਉਨ੍ਹਾਂ ਕਿਹਾ ਕਿ ਜਿਸ ਦਿਸ਼ਾ ਵੱਲ ਪੰਜਾਬ ਮਾਰਚ ਕਰਦਾ ਹੈ, ਪੂਰਾ ਦੇਸ਼ ਵੀ ਉਸ ਪਾਸੇ ਵੱਲ ਹੋ ਜਾਂਦਾ ਹੈ ਕਿਉਂ ਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਕਿਸੇ ਵੀ ਤਾਨਾਸ਼ਾਹੀ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਚੰਗੀ ਤਰ੍ਹਾਂ ਜਾਣਦਾ ਹੈ।

ਉਨ੍ਹਾਂ ਨੇ ਜੀ.ਐਸ.ਟੀ. ਦਾ ਬਕਾਇਆ ਰੋਕਣ ਅਤੇ ਪੰਜਾਬ ਲਈ ਐਲਾਨੀ ਗਈ 1,600 ਕਰੋੜ ਰੁਪਏ ਦੀ ਹੜ੍ਹ ਰਾਹਤ ਰਾਸ਼ੀ ਜਾਰੀ ਨਾ ਕਰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਬੇਇਨਸਾਫ਼ੀ ਦਾ ਜਵਾਬ ਲੋਕ ਆਪਣੇ ਫਤਵੇ ਨਾਲ ਦੇਣਗੇ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਵਾਲੀ ਰਾਜਨੀਤੀ ਪੰਜਾਬ ਨੂੰ ਦਬਾ ਨਹੀਂ ਸਕਦੀ ਅਤੇ ਕਿਹਾ ਕਿ ਦੇਸ਼ ਭਰ ਵਿੱਚ ਜਿੱਤ ਦੀ ਸ਼ੁਰੂਆਤ ਪੰਜਾਬ ਤੋਂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਵਿਅਕਤੀ ਦੀ ਲੜਾਈ ਨਹੀਂ, ਸਗੋਂ ਭਾਰਤ ਦੇ ਸੰਵਿਧਾਨ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਇੱਕ ਵੱਡੀ ਲੋਕ ਲਹਿਰ ਹੈ।

ਵੀਡੀਓ ਕਾਨਫਰੰਸਿੰਗ ਰਾਹੀਂ ਪਾਰਟੀ ਆਗੂਆਂ ਅਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਾਨ ਨੇ ਹਾਲ ਹੀ ਵਿੱਚ ਆਏ ਅਦਾਲਤੀ ਫੈਸਲੇ ਤੋਂ ਬਾਅਦ ਭਾਰਤੀ ਰਾਜਨੀਤੀ ਵਿੱਚ ਸੱਚਾਈ ਦੀ ਇਤਿਹਾਸਕ ਜਿੱਤ 'ਤੇ 'ਆਪ' ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਕਿਹਾ ਕਿ ਕੱਲ੍ਹ ਦਾ ਦਿਨ ਭਾਰਤੀ ਰਾਜਨੀਤੀ ਵਿੱਚ ਇੱਕ ਇਤਿਹਾਸਕ ਪਲ ਵਜੋਂ ਯਾਦ ਰੱਖਿਆ ਜਾਵੇਗਾ, ਇੱਕ ਅਜਿਹਾ ਦਿਨ ਜਦੋਂ ਸੱਚਾਈ ਦੀ ਜਿੱਤ ਹੋਈ। ਮੈਂ ਪੂਰੀ 'ਆਪ' ਟੀਮ, ਗੁਪਤ ਰੂਪ ਵਿੱਚ ਸਮਰਥਨ ਦੇਣ ਵਾਲਿਆਂ ਅਤੇ ਮੋਹਰਲੀ ਕਤਾਰ ‘ਚ ਰਹਿ ਕੇ ਕੰਮ ਕਰਨ ਵਾਲੇ ਹਰ ਇੱਕ ਸਾਥੀ ਨੂੰ ਅਦਾਲਤ ਤੋਂ ਮਿਲੀ ਇਸ ਵੱਡੀ ਜਿੱਤ 'ਤੇ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਸਾਡੇ ਨੇਤਾ ਹਨ। ਉਨ੍ਹਾਂ ਨੇ ਦਿਖਾਇਆ ਹੈ ਕਿ ਜੇਕਰ ਇਸ ਦੇਸ਼ ਦੇ 140 ਕਰੋੜ ਨਾਗਰਿਕ ਕੁਝ ਕਰਨ ਦਾ ਫੈਸਲਾ ਕਰਦੇ ਹਨ ਤਾਂ ਇਹ ਜ਼ਮੀਨੀ ਪੱਧਰ ‘ਤੇ ਸਪੱਸ਼ਟ ਦਿਸਦਾ ਹੈ।

ਆਜ਼ਾਦੀ ਸੰਘਰਸ਼ ਨਾਲ ਸੰਤੁਲਨ ਬਿਠਾਉਂਦਿਆਂ ਉਨ੍ਹਾਂ ਕਿਹਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜਦੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਸਵੈ-ਇੱਛਾ ਨਾਲ ਗ੍ਰਿਫ਼ਤਾਰੀ ਦਿੱਤੀ ਅਤੇ ਕੋਰਟ ਰੂਮ ਵਿੱਚ ਮੀਡੀਆ ਦੇ ਸਾਹਮਣੇ ਅੰਗਰੇਜ਼ੀ ਵਿੱਚ ਆਪਣੀਆਂ ਦਲੀਲਾਂ ਰੱਖੀਆਂ ਤਾਂ ਲਹਿਰ ਨੂੰ ਹੋਰ ਬਲ ਮਿਲਿਆ। ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਵੀ ਸਾਨੂੰ ਜੇਲ੍ਹ ਤੋਂ ਕਦੇ ਨਾ ਝੁਕਣ ਦੇ ਸੁਨੇਹੇ ਭੇਜੇ। ਉਨ੍ਹਾਂ ਕਿਹਾ ਕਿ ਭਗਵੰਤ, ਕਿਸੇ ਵੀ ਹਾਲਤ ਵਿੱਚ ਨਹੀਂ ਝੁਕਣਾ। ਜਿੱਥੇ ਲੋੜ ਹੋਵੇ ਕਾਰਵਾਈ ਕਰੋ, ਪਰ ਕਿਸੇ ਵੀ ਕੀਮਤ ‘ਤੇ ਝੁਕਣਾ ਨਹੀਂ। ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋ ਕੇ ਉਭਰੇਗੀ ਅਤੇ ਉਸੇ ਤਰ੍ਹਾਂ ਹੋਇਆ ਪਾਰਟੀ ਇੱਕ ਕੌਮੀ ਤਾਕਤ ਵਜੋਂ ਉਭਰ ਕੇ ਸਾਹਮਣੇ ਆਈ ਹੈ।

ਕੇਂਦਰੀ ਲੀਡਰਸ਼ਿਪ ਨੂੰ ਸਪੱਸ਼ਟ ਸੁਨੇਹਾ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿੰਘਾਸਨ 'ਤੇ ਬੈਠੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਕਿਰਾਏਦਾਰ ਹਨ, ਮਾਲਕ ਨਹੀਂ। ਇਸ ਦੇਸ਼ ਦੀ ਮਿੱਟੀ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ ਅਤੇ ਅਸ਼ਫਾਕਉੱਲਾ ਖਾਨ ਦਾ ਖੂਨ ਹੈ। ਇਹ ਦੇਸ਼ ਕਿਸੇ ਦੇ ਬਾਪ ਦੀ ਨਿੱਜੀ ਜਾਗੀਰ ਨਹੀਂ।

ਉਨ੍ਹਾਂ ਨੇ ਪੰਜਾਬ ਦੇ ਰਾਹ ਵਿੱਚ ਵਿੱਤੀ ਮੁਸ਼ਕਲਾਂ ਖ਼ੜ੍ਹੀਆਂ ਕਰਨ ਦੇ ਹੱਥਕੰਡਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ 8,000 ਕਰੋੜ ਰੁਪਏ ਦੇ ਆਰਡੀਐਫ ਫੰਡ ਕੇਂਦਰ ਨੇ ਰੋਕ ਰੱਖੇ ਹਨ। ਜੀਐਸਟੀ ਦਾ ਬਕਾਇਆ ਜਾਰੀ ਨਹੀਂ ਕੀਤਾ ਗਿਆ। ਜਦੋਂ ਪੰਜਾਬ ਨੂੰ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹਾਂ ਵਿੱਚੋਂ ਇੱਕ ਦਾ ਸਾਹਮਣਾ ਕਰਨਾ ਪਿਆ ਤਾਂ ਸਿਰਫ਼ 1,600 ਕਰੋੜ ਰੁਪਏ ਦੀ ਟੋਕਨ ਰਾਸ਼ੀ ਐਲਾਨੀ ਗਈ ਅਤੇ ਹੁਣ ਤੱਕ ਉਸ ਵਿੱਚੋਂ 16 ਪੈਸੇ ਵੀ ਨਹੀਂ ਦਿੱਤੇ ਗਏ। ਇਸ ਸਭ ਦੇ ਬਾਵਜੂਦ ਵੀ ਉਹ ਪੰਜਾਬ ਵਿੱਚ ਚੋਣਾਂ ਲੜਨਾ ਚਾਹੁੰਦੇ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande