
ਫਾਜ਼ਿਲਕਾ, 01 ਮਾਰਚ (ਹਿੰ.ਸ.)। ਸਿੱਖਿਆ ਵਿਭਾਗ ਵੱਲੋਂ ਅਲੀਮਕੋ ਦੇ ਸਹਿਯੋਗ ਨਾਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਲੋੜੀਂਦੇ ਉਪਕਰਨ ਵੰਡਣ ਸਰਕਾਰੀ ਸਕੂਲ ਲੜਕੀਆਂ ਫਾਜ਼ਿਲਕਾ ਵਿਖੇ ਕੈਂਪ ਲਗਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਖੁਸ਼ਬੂ ਸਵਨਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਦਿਵਿਆਂਗਜਨ ਬਚਿਆਂ ਦਾ ਹੌਸਲਾ ਵਧਾਉਣ ਦਾ ਬਹੁਤ ਹੀ ਵਧੀਆ ਉਪਰਾਲਾ ਹੈ।
ਖੁਸ਼ਬੂ ਸਵਨਾ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬਚਿਆਂ ਦੀ ਭਲਾਈ ਹਿਤ ਸਮਾਗਮ ਵਿਚ ਪਹੁੰਚ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਚਿਆਂ ਅੰਦਰ ਹੁਨਰ ਤੇ ਪ੍ਰਤਿਭਾ ਦੀ ਕੋਈ ਕਮੀ ਨਹੀ ਹੁੰਦੀ ਹੈ, ਲੋੜ ਹੁੰਦੀ ਹੈ ਬੱਸ ਇਨ੍ਹਾਂ ’ਤੇ ਧਿਆਨ ਦੇਣ ਦੀ ਅਤੇ ਹੌਸਲਾ ਵਧਾਉਣ ਦੀ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਕਰਨਾਂ ਦੀ ਮਦਦ ਨਾਲ ਇਹ ਜਿੱਥੇ ਆਪਣੇ ਦਿਵਿਆਂਗਪਨ ਨੂੰ ਭੁੱਲ ਜਾਣਗੇ ਉਥੇ ਆਪਣੇ ਅੰਦਰ ਦੀ ਛੁਪੀ ਹੋਈ ਕਲਾ ਨੂੰ ਨਿਖਾਰਨ ਵਿਚ ਹੋਰ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ’ਤੇ ਖਾਸ ਧਿਆਨ ਦਿੱਤਾ ਜਾਵੇ ਤਾਂ ਬਾਕੀ ਬੱਚਿਆਂ ਵਾਂਗ ਉਚੇ ਮੁਕਾਮਾਂ ’ਤੇ ਪਹੁੰਚ ਵਿਚ ਕੋਈ ਕਸਰ ਨਹੀਂ ਛੱਡਣਗੇ।
ਉਨ੍ਹਾਂ ਸਿਖਿਆ ਵਿਭਾਗ ਤੇ ਅਲੀਮਕੋ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਭਲਾਈ ਹਿਤ ਕੈਂਪ ਲਗਾਉਣ ਨਾਲ ਉਹ ਵਿਸ਼ੇਸ਼ ਲੋੜ ਵਾਲੇ ਬਚਿਆਂ ਦੇ ਸਹਾਈ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਕਾਰਨਾਂ ਕਰਕੇ ਸਰੀਰਿਕ ਤੇ ਮਾਨਸਿਕ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਨਾ ਹੋਣ ਵਾਲੇ ਬਚਿਆਂ ਨੂੰ ਸੁਖਾਲਾ ਜੀਵਨ ਪ੍ਰਦਾਨ ਕਰਨ ਵਿਚ ਆਪਣਾ ਵਢਮੁੱਲਾ ਯੋਗਦਾਨ ਪਾ ਰਹੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ